''ਭਾਰਤ ਨੂੰ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ''

02/19/2020 12:11:04 PM

ਇੰਦੌਰ — ‘‘ਮੈਂ ਸੋਮਵਾਰ ਨੂੰ ਸ਼ਹਿਰ ’ਚ ਅਫਸਰਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਉੱਦਮੀਆਂ ਨੂੰ ਪ੍ਰੇਸ਼ਾਨ ਨਾ ਕਰਨ। ਅਸੀਂ ਉੱਦਮੀਆਂ ’ਤੇ ਵਿਸ਼ਵਾਸ ਕੀਤਾ ਹੈ ਪਰ ਕੁਝ ਲੋਕ ਫਰਜ਼ੀ ਟੈਕਸ ਕ੍ਰੈਡਿਟ ਲੈਣ ਦਾ ਕੰਮ ਕਰ ਰਹੇ ਹਨ। ਇਸ ਨਾਲ ਈਮਾਨਦਾਰ ਉੱਦਮੀਆਂ ਨੂੰ ਨੁਕਸਾਨ ਹੁੰਦਾ ਹੈ।’’ ਇਹ ਗੱਲ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਰੋਜ਼ਗਾਰ ਮੇਲਾ ‘ਦਿਸ਼ਾ 2020’ ’ਚ ਕਹੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੈ। ਇਸ ਨੂੰ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ। 2014 ’ਚ ਭਾਰਤੀ ਅਰਥਵਿਵਸਥਾ 11ਵੇਂ ਨੰਬਰ ’ਚ ਸੀ, 5 ਸਾਲਾਂ ’ਚ ਅਸੀਂ ਟਾਪ ਫਾਈਵ ’ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਉਦਯੋਗਪਤੀਆਂ ਦੀ ਸਹੂਲਤ ਲਈ ਕਾਫ਼ੀ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ 2020-21 ਦੇ ਬਜਟ ’ਚ ਐਲਾਨੇ ‘ਵਿਵਾਦ ਤੋਂ ਵਿਸ਼ਵਾਸ’ ਯੋਜਨਾ ਦੇ ਜ਼ਰੀਏ 90 ਫ਼ੀਸਦੀ ਇਨਕਮ ਟੈਕਸ ਵਿਵਾਦਾਂ ਨੂੰ ਹੱਲ ਕੀਤਾ ਜਾਵੇਗਾ। ਇਹ ਯੋਜਨਾ 4.8 ਲੱਖ ਮਾਮਲਿਆਂ ’ਚ 9.32 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਟੈਕਸ ਵਿਵਾਦਾਂ ਨੂੰ ਹੱਲ ਕਰਨ ਦੇ ਮਕਸਦ ਨਾਲ ਹੈ।

ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਹੀ ਇਨਕਮ ਟੈਕਸ ਦੇ 41,000 ਮੁਕੱਦਮੇ ਹਨ। ਇਨ੍ਹਾਂ ਦੇ ਖਤਮ ਹੋਣ ਨਾਲ ਉੱਦਮੀ ਨੂੰ ਵੀ ਫਾਇਦਾ ਹੋਵੇਗਾ ਅਤੇ ਦੇਸ਼ ਦੇ ਖਜ਼ਾਨੇ ’ਚ ਵੀ ਪੈਸਾ ਆਵੇਗਾ, ਜੋ ਦੇਸ਼ ਦੇ ਵਿਕਾਸ ’ਤੇ ਹੀ ਖਰਚ ਹੋਵੇਗਾ। ਠਾਕੁਰ ਨੇ ਕਿਹਾ ਕਿ ਕਈ ਸ਼ਹਿਰਾਂ ’ਚ ਹੁਨਰ ਵਿਕਾਸ ਕੇਂਦਰ ਖੋਲ੍ਹੇ ਗਏ ਹਨ ਤਾਂ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਠਾਕੁਰ ਨੇ ਕਿਹਾ ਕਿ ਦੁਨੀਆਭਰ ਤੋਂ ਕੰਪਨੀਆਂ ਭਾਰਤ ’ਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਆਰਥਿਕ ਸਰਵੇਖਣ ਅਤੇ ਆਰ. ਬੀ. ਆਈ. ਨੇ 2020-21 ’ਚ 6 ਫ਼ੀਸਦੀ ਵਾਧਾ ਦਰ ਦੱਸੀ ਹੈ ਜੋ ਆਪਣੇ ਆਪ ’ਚ ਦੁਨੀਆ ਦੀ ਜ਼ਿਆਦਾ ਵਿਕਾਸ ਦਰਾਂ ’ਚੋਂ ਇਕ ਹੋਵੇਗੀ। ਮੋਦੀ ਸਰਕਾਰ ਨੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਹਨ। ਠਾਕੁਰ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ 2024-25 ਤੱਕ ਨੌਜਵਾਨਾਂ ਦੀ ਹਿੱਸੇਦਾਰੀ ਨਾਲ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਉਤਸ਼ਾਹੀ ਟੀਚੇ ਨੂੰ ਪ੍ਰਾਪਤ ਕਰੇਗੀ।

 


Related News