ਪੈਟਰੋਲ, ਡੀਜ਼ਲ 'ਤੇ ਟੈਕਸ ਘਟਾਉਣ ਦਾ ਕੋਈ ਪ੍ਰਸਤਾਵ ਨਹੀਂ : ਸਰਕਾਰ
Monday, Dec 02, 2019 - 02:15 PM (IST)

ਨਵੀਂ ਦਿੱਲੀ— ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਪੈਟਰੋਲ-ਡੀਜ਼ਲ 'ਤੇ ਟੈਕਸ ਘਟਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਨੂੰ ਕਿਹਾ ਕਿ ਵਿਸ਼ਵ ਵਿਚ ਕੋਈ ਵੀ ਇਸ ਤਰ੍ਹਾਂ ਦਾ ਦੇਸ਼ ਨਹੀਂ ਹੈ ਜਿੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇਕ ਖਾਸ ਸਮੇਂ ਲਈ ਸਥਿਰ ਰਹਿੰਦੀਆਂ ਹੋਣ।
ਇਹ ਪੁੱਛੇ ਜਾਣ 'ਤੇ ਕਿ ਕੀ ਪੈਟਰੋਲ ਅਤੇ ਡੀਜ਼ਲ ਨੂੰ ਗੁੱਡਜ਼ ਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਤਹਿਤ ਲਿਆਇਆ ਜਾਵੇਗਾ, ਉਨ੍ਹਾਂ ਕਿਹਾ ਕਿ ਇਕ ਤਰ੍ਹਾਂ ਨਾਲ ਇਹ ਪਹਿਲਾਂ ਹੀ ਜੀ. ਐੱਸ. ਟੀ. ਦੀ ਜ਼ੀਰੋ ਦਰ ਅਧੀਨ ਹਨ। ਸਿਰਫ ਦਰਾਂ ਦਾ ਫੈਸਲਾ ਜੀ. ਐੱਸ. ਟੀ. ਕੌਂਸਲ ਨੇ ਕਰਨਾ ਹੈ।
ਇੱਥੇ ਦੱਸਣਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ਵਾਲੀ ਇਸ ਕੌਂਸਲ ਵਿਚ ਸਾਰੇ ਰਾਜਾਂ ਦੇ ਵਿੱਤ ਮੰਤਰੀ ਬਤੌਰ ਮੈਂਬਰ ਹਨ।
ਸੀਤਾਰਮਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੈਟਰੋਲ-ਡੀਜ਼ਲ 'ਤੇ ਫਿਲਹਾਲ ਟੈਕਸ ਘਟਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਫਿਲਹਾਲ ਪੈਟਰੋਲ-ਡੀਜ਼ਲ 'ਤੇ ਕਿਸੇ ਨਵੇਂ ਟੈਕਸ ਬਾਰੇ ਵੀ ਵਿਚਾਰ ਨਹੀਂ ਕੀਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਪੈਟਰੋਲ-ਡੀਜ਼ਲ 'ਤੇ ਕੇਂਦਰੀ ਆਬਕਾਰੀ ਤੇ ਕਸਟਮ ਡਿਊਟੀ ਲਗਾਉਂਦੀ ਹੈ। ਇਸ ਤੋਂ ਇਲਾਵਾ ਰਾਜ ਸਰਕਾਰਾਂ ਵੀ ਉਨ੍ਹਾਂ 'ਤੇ ਟੈਕਸ ਵਸੂਲਦੀਆਂ ਹਨ।