ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਾਉਣ ’ਚ ਯੋਗਦਾਨ ਦੇਵੇ ਉਦਯੋਗ ਜਗਤ: ਸੀਤਾਰਮਣ
Saturday, Feb 20, 2021 - 04:51 PM (IST)
 
            
            ਨਵੀਂ ਦਿੱਲੀ(ਭਾਸ਼ਾ)– ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤੀ ਉਦਯੋਗ ਜਗਤ ਨੂੰ ਪੂਰਾ ਆਤਮ ਵਿਸ਼ਵਾਸ ਦਿਖਾਉਣ ਅਤੇ ਨਵੇਂ-ਨਵੇਂ ਨਿਵੇਸ਼ ਕਰ ਕੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਾਉਣ ’ਚ ਯੋਗਦਾਨ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਅਖਿਲ ਭਾਰਤੀ ਪ੍ਰਬੰਧਨ ਸੰਘ (ਏ. ਆਈ. ਐੱਮ. ਏ.) ਦੇ ਪ੍ਰੋਗਰਾਮ ’ਚ ਸ਼ਾਮਲ ਉਦਯੋਗ ਜਗਤ ਦੀਆਂ ਦਿੱਗਜ਼ ਹਸਤੀਆਂ ਨੂੰ ਕਿਹਾ ਕਿ ਸਰਕਾਰ ਨੇ ਨਿਵੇਸ਼ ਦੇ ਅਨੁਕੂਲ ਵਾਤਾਵਰਣ ਬਣਾਉਣ ਲਈ ਕੰਪਨੀ ਇਨਕਮ ਟੈਕਸ ਦੀਆਂ ਦਰਾਂ ’ਚ ਕਮੀ ਕਰਨ ਸਮੇਤ ਕਈ ਕਦਮ ਉਠਾਏ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਚਾਹਾਂਗੀ ਕਿ ਹੁਣ ਭਾਰਤ ’ਚ ਨਿੱਜੀ ਨਿਵੇਸ਼ਕ ਅਤੇ ਨਿੱਜੀ ਉਦਯੋਗ ਪੂਰੇ ਆਤਮ ਵਿਸ਼ਵਾਸ ਨਾਲ ਕਦਮ ਵਧਾਉਣ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਭਾਰਤ ਲਈ ਇਹ (ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ ਬਣਨਾ) ਸੰਭਵ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਸਮਰੱਥਾ ਵਧਾਉਣ ਦੀ ਲੋੜ ਹੈ, ਸਾਨੂੰ ਵਿਸਤਾਰ ਦੀ ਲੋੜ ਹੈ, ਸਾਨੂੰ ਬਹੁਤ ਸਾਰੇ ਅਜਿਹੇ ਉਤਪਾਦਾਂ ਦੇ ਨਿਰਮਾਣ ਦੀ ਲੋੜ ਹੈ, ਜੋ ਅਰਥਵਿਵਸਥਾ ਲਈ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਟੈਕਸ ’ਚ ਕਮੀ ਕਰਨ ਤੋਂ ਬਾਅਦ ਮੈਂ ਕੰਮ-ਧੰਦਿਆਂ ਦੇ ਵਿਸਤਾਰ ਦਾ ਇੰਤਜ਼ਾਰ ਕਰ ਰਹੀ ਹਾਂ, ਮੈਂ ਭਾਰਤ ’ਚ ਨਿੱਜੀ ਖੇਤਰ ਤੋਂ ਵੱਧ ਨਿਵੇਸ਼ ਦੇਖਣ ਦਾ ਇੰਤਜ਼ਾਰ ਕਰ ਰਹੀ ਹਾਂ। ਸਰਕਾਰ ਨੇ ਵਾਧੇ ਨੂੰ ਬੜ੍ਹਾਵਾ ਦੇਣ ਲਈ ਸਤੰਬਰ 2019 ’ਚ ਕਾਰਪੋਰੇਟ ਟੈਕਸ ਦੀ ਦਰ ’ਚ ਭਾਰੀ ਕਟੌਤੀ ਕੀਤੀ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            