ਵਿਕਣ ਕੰਢੇ ਖੇਤਾਨ ਪਰਿਵਾਰ ਦੀ 152 ਸਾਲ ਪੁਰਾਣੀ ਕੰਪਨੀ ਮੈਕਲਿਓਡ ਰਸੇਲ
Sunday, Aug 08, 2021 - 12:34 PM (IST)
ਨਵੀਂ ਦਿੱਲੀ,(ਇੰਟ.)– ਕਦੀ ਦੁਨੀਆ ਦੀ ਸਭ ਤੋਂ ਵੱਡੀ ਚਾਹ ਨਿਰਮਾਤਾ ਰਹੀ ਅਤੇ 152 ਸਾਲ ਪੁਰਾਣੀ ਭਾਰਤੀ ਕੰਪਨੀ ਮੈਕਲਿਓਡ ਰਸੇਲ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਹਾਲਾਤ ਇਹ ਹਨ ਕਿ ਹੁਣ ਇਹ ਕੰਪਨੀ ਵਿਕਣ ਕੰਢੇ ਪੁੱਜ ਗਈ ਹੈ। ਦਰਅਸਲ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਦਿੱਲੀ ਬੈਂਚ ਨੇ ਮੈਕਲਿਓ ਰਸੇਲ ਖਿਲਾਫ ਦਿਵਾਲੀਆ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਕਲਿਓਡ ਰਸੇਲ ਦੇਸ਼ ਦੇ ਮਸ਼ਹੂਰ ਕਾਰੋਬਾਰੀ ਘਰਾਣੇ ਖੇਤਾਨ ਪਰਿਵਾਰ ਦੀ ਕੰਪਨੀ ਹੈ।
ਮੈਕਲਿਓਡ ਰਸੇਲ ਬ੍ਰਜ ਮੋਹਨ ਖੇਤਾਨ ਦੇ ਪਰਿਵਾਰ ਦੀ ਕੰਪਨੀ ਹੈ। ਹਾਲਾਂਕਿ ਹੁਣ ਕੰਪਨੀ ’ਚ ਖੇਤਾਨ ਪਰਿਵਾਰ ਦੀ 10 ਫੀਸਦੀ ਤੋਂ ਵੀ ਘੱਟ ਹਿੱਸੇਦਾਰੀ ਬਚੀ ਹੈ। ਇਸ ਦਾ ਕਾਰਨ ਇਹ ਹੈ ਕਿ ਖੇਤਾਨ ਪਰਿਵਾਰ ਨੇ ਆਪਣੇ ਹਿੱਸੇ ਦੇ ਸ਼ੇਅਰ ਕਰਜ਼ਦਾਰਾਂ ਕੋਲ ਗਹਿਣੇ ਰੱਖੇ ਸਨ, ਜੋ ਕਰਜ਼ਾ ਉਤਾਰਨ ਲਈ ਉਨ੍ਹਾਂ ਨੂੰ ਦਿੱਤੇ ਗਏ ਹਨ। ਇਕ ਸਾਲ ਪਹਿਲਾਂ ਕੰਪਨੀ ’ਚ ਖੇਤਾਨ ਪਰਿਵਾਰ ਦੀ 25.82 ਫੀਸਦੀ ਹਿੱਸੇਦਾਰੀ ਸੀ।
ਚਾਹ ਨਿਰਮਾਤਾ ਕੰਪਨੀ ਮੈਕਲਿਓਡ ਰਸੇਲ ’ਤੇ ਟੈਕਨੋ ਇਲੈਕਟ੍ਰਿਕ ਐਂਡ ਇੰਜੀਨੀਅਰਿੰਗ ਕੰਪਨੀ ਦਾ 100 ਕਰੋੜ ਰੁਪਏ ਤੋਂ ਵੱਧ ਬਕਾਇਆ ਹੈ ਪਰ ਕੰਪਨੀ ਭੁਗਤਾਨ ’ਚ ਡਿਫਾਲਟ ਕਰ ਰਹੀ ਹੈ। ਇਸ ਕਾਰਨ ਟੈਕਨੋ ਇੰਜੀਨੀਅਰਿੰਗ ਨੇ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ 2016 ਦੇ ਤਹਿਤ ਮੈਕਲਿਓਡ ਖਿਲਾਫ ਦਿਵਾਲੀਆ ਪ੍ਰਕਿਰਿਆ ਚਲਾਉਣ ਲਈ ਐੱਨ. ਸੀ. ਐੱਲ. ਟੀ. ਦੇ ਸਾਹਮਣੇ ਅਰਜ਼ੀ ਦਾਖਲ ਕੀਤੀ ਸੀ। ਹੁਣ ਐੱਨ. ਸੀ. ਐੱਲ. ਟੀ. ਨੇ ਇਸ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਕਲਿਓਡ ਨੇ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਐੱਨ. ਸੀ. ਐੱਲ. ਟੀ. ਨੇ ਇਸ ਦਿਵਾਲੀਆ ਪ੍ਰਕਿਰਿਆ ਲਈ ਅੰਤਰਿਮ ਰੈਜੋਲਿਊਸ਼ਨ ਪ੍ਰੋਫੈਸ਼ਨਲ ਦੀ ਨਿਯੁਕਤੀ ਵੀ ਕਰ ਦਿੱਤੀ ਹੈ।
ਕੰਪਨੀ ’ਤੇ 4,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ
ਭਾਰਤ ਦੀ ਸਭ ਤੋਂ ਵੱਡੀ ਚਾਹ ਨਿਰਮਾਤਾ ਕੰਪਨੀ ਮੈਕਲਿਓਡ ਰਸੇਲ ’ਤੇ ਬੈਂਕਾਂ ਦਾ 4,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਇਸ ’ਚ ਵਿਆਜ ਦੀ ਰਾਸ਼ੀ ਵੀ ਸ਼ਾਮਲ ਹੈ। ਕੰਪਨੀ ਨੇ ਇਸ ਕਰਜ਼ੇ ਤੋਂ ਮੁਕਤੀ ਪਾਉਣ ਲਈ ਇਕ ਰੈਜੋਲਿਊਸ਼ਨ ਪਲਾਨ ਵੀ ਤਿਆਰ ਕੀਤਾ ਸੀ ਪਰ ਇਸ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਸ ਕੰਪਨੀ ਦੀ ਸਥਾਪਨਾ 1869 ’ਚ ਹੋਈ ਸੀ। ਇਸ ਸਮੇਂ ਕਰੀਬ 73,000 ਲੋਕ ਇਸ ਕੰਪਨੀ ’ਚ ਕੰਮ ਕਰਦੇ ਹਨ।
ਕੰਪਨੀ ਕੋਲ ਸਨ 48 ਟੀ-ਅਸਟੇਟ
ਮੈਕਲਿਓਡ ਰਸੇਲ ਕੋਲ ਕਦੀ ਪੂਰੀ ਦੁਨੀਆ ’ਚ 48 ਟੀ-ਅਸਟੇਟ ਸਨ, ਇਸ ’ਚੋਂ 31 ਟੀ-ਅਸਟੇਟ ਇਕੱਲੇ ਅਸਾਮ ’ਚ ਸਨ। ਉੱਥੇ ਹੀ 2 ਟੀ-ਅਸਟੇਟ ਪੱਛਮੀ ਬੰਗਾਲ ’ਚ ਸਨ। ਕੰਪਨੀ ਦੇ ਹੋਰ ਟੀ-ਅਸਟੇਟ ਅਫਰੀਕਾ ਅਤੇ ਵੀਅਤਨਾਮ ’ਚ ਸਥਿਤ ਸਨ। ਕੰਪਨੀ ਹਰ ਸਾਲ ਕਰੀਬ 73 ਮਿਲੀਅਨ ਕਿਲੋਗ੍ਰਾਮ ਚਾਹ ਦਾ ਉਤਪਾਦਨ ਕਰਦੀ ਹੈ। ਇਸ ਸਮੇਂ ਕੰਪਨੀ ਕੋਲ 27,360 ਕਿਲੋਮੀਟਰ ’ਚ ਫੈਲੇ ਟੀ-ਅਸਟੇਟ ਹਨ। ਕਰਜ਼ਾ ਅਦਾ ਕਰਨ ਲਈ ਮੈਕਲਿਓਡ ਰਸੇਲ ਨੇ 31 ਮਾਰਚ 2019 ਤੋਂ 31 ਮਾਰਚ 2020 ਦੌਰਾਨ ਆਪਣੇ 17 ਟੀ-ਅਸਟੇਟ ਨੂੰ ਵੇਚ ਦਿੱਤਾ ਹੈ। ਇਨ੍ਹਾਂ ਟੀ-ਅਸਟੇਟ ਦੀ ਵਿਕਰੀ 764 ਕਰੋੜ ਰੁਪਏ ’ਚ ਕੀਤੀ ਗਈ ਹੈ। ਇਸ ਕਾਰਨ ਮੈਕਲਿਓਡ ਦੁਨੀਆ ਦੀ ਸਭ ਤੋਂ ਵੱਡੀ ਚਾਹ ਨਿਰਮਾਤਾ ਕੰਪਨੀ ਦਾ ਖਿਤਾਬ ਵੀ ਗੁਆ ਚੁੱਕੀ ਹੈ।