ਮੁਕੇਸ਼ ਅੰਬਾਨੀ ਦੀ ਇਕ ਸਕਿੰਟ ਦੀ ਕਮਾਈ ਮਜ਼ਦੂਰ ਦੀ 3 ਸਾਲ ਦੀ ਕਮਾਈ ਦੇ ਬਰਾਬਰ: ਆਕਸਫੈਮ
Wednesday, Jan 27, 2021 - 10:43 AM (IST)

ਨਵੀਂ ਦਿੱਲੀ : ਗ਼ਰੀਬੀ ਖ਼ਤਮ ਕਰਨ ਲਈ ਕੰਮ ਕਰਨ ਵਾਲੀ ਸੰਸਥਾ ਆਕਸਫੈਮ ਨੇ ਕਿਹਾ ਕਿ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੇ ਚੱਲਦਿਆਂ ਲਗਾਈ ਗਈ ਤਾਲਾਬੰਦੀ ਦੌਰਾਨ ਭਾਰਤੀ ਅਰਬਪਤੀਆਂ ਦੀ ਦੌਲਤ 35 ਫ਼ੀਸਦੀ ਵਧ ਗਈ, ਜਦੋਂਕਿ ਇਸ ਦੌਰਾਨ ਕਰੋੜਾਂ ਲੋਕਾਂ ਲਈ ਰੋਜ਼ੀ ਰੋਟੀ ਦਾ ਸੰਕਟ ਪੈਦਾ ਹੋ ਗਿਆ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ WHO ਦੀ ਚਿਤਾਵਨੀ, 2021 ਤੱਕ ਵਾਇਰਸ ਤੋਂ ਮੁਕਤੀ ਦੀ ਨਹੀਂ ਕੋਈ ਉਮੀਦ
ਆਕਸਫੈਮ ਦੀ ਰਿਪੋਰਟ ‘ਇਨਇਕਵਾਲਿਟੀ ਵਾਇਰਸ’ ‘ਚ ਕਿਹਾ ਗਿਆ ਕਿ ਮਾਰਚ 2020 ਤੋਂ ਬਾਅਦ ਦੀ ਮਿਆਦ ‘ਚ ਭਾਰਤ ‘ਚ 100 ਅਰਬਪਤੀਆਂ ਦੀ ਸੰਪਤੀ ‘ਚ 12,97,822 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇੰਨੀ ਰਾਸ਼ੀ ਨੂੰ ਜੇਕਰ ਦੇਸ਼ ਦੇ 13.8 ਕਰੋੜ ਸਭ ਤੋਂ ਗ਼ਰੀਬ ਲੋਕਾਂ ਨੂੰ ਵੰਡ ਦਿੱਤਾ ਜਾਵੇ ਤਾਂ ਇਸ ‘ਚ ਹਰੇਕ ਨੂੰ 94,045 ਦਿੱਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਦਿੱਲੀ ਹਿੰਸਾ : ਟਰੈਕਟਰ ਪਰੇਡ ਦੌਰਾਨ ਹੋਏ ਬਖੇੜੇ ਮਗਰੋਂ 22 ਪ੍ਰਦਰਸ਼ਨਕਾਰੀਆਂ 'ਤੇ FIR ਦਰਜ
ਰਿਪੋਰਟ ‘ਚ ਆਮਦਨ ਦੀ ਅਸਮਾਨਤਾ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਮਹਾਮਾਰੀ ਦੌਰਾਨ ਮੁਕੇਸ਼ ਅੰਬਾਨੀ ਨੂੰ ਇਕ ਘੰਟੇ ‘ਚ ਜਿੰਨੀ ਆਮਦਨੀ ਹੋਈ, ਓਨੀ ਕਮਾਈ ਕਰਨ ‘ਚ ਇਕ ਗ਼ੈਰ-ਹੁਨਰਮੰਦ ਮਜ਼ਦੂਰ ਨੂੰ 10 ਹਜ਼ਾਰ ਸਾਲ ਲੱਗ ਜਾਣਗੇ ਜਾਂ ਜਿੰਨੀ ਕਮਾਈ ਮੁਕੇਸ਼ ਅੰਬਾਨੀ ਨੇ ਇਕ ਸਕਿੰਟ ‘ਚ ਕੀਤੀ, ਉਸ ਨੂੰ ਪਾਉਣ ਲਈ ਇਕ ਗ਼ੈਰ-ਹੁਨਰਮੰਦ ਮਜ਼ਦੂਰ ਨੂੰ 3 ਸਾਲ ਲੱਗਣਗੇ। ਰਿਪੋਰਟ ਨੂੰ ਵਿਸ਼ਵ ਆਰਥਿਕ ਮੰਚ ਦੇ ‘ਦਾਵੋਸ ਸੰਵਾਦ’ ਦੇ ਪਹਿਲੇ ਦਿਨ ਜਾਰੀ ਕੀਤਾ ਗਿਆ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਪਿਛਲੇ 100 ਸਾਲਾਂ ਦਾ ਸਭ ਤੋਂ ਵੱਡਾ ਸਿਹਤ ਸੰਕਟ ਹੈ ਅਤੇ ਇਸ ਦੇ ਚੱਲਦਿਆਂ 1930 ਦੀ ਮਹਾਂ ਮੰਦੀ ਦੇ ਬਾਅਦ ਸਭ ਤੋਂ ਵੱਡਾ ਆਰਥਿਕ ਸੰਕਟ ਪੈਦਾ ਹੋਇਆ।
ਆਕਸਫੈਮ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਬੇਹਰ ਨੇ ਕਿਹਾ ਕਿ ਇਸ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਨਿਆਂ ਪੂਰਨ ਆਰਥਿਕ ਵਿਵਸਥਾ ਨਾਲ ਕਿਵੇਂ ਸਭ ਤੋਂ ਵੱਡੇ ਆਰਥਿਕ ਸੰਕਟ ਦੌਰਾਨ ਸਭ ਤੋਂ ਅਮੀਰ ਲੋਕਾਂ ਨੇ ਬਹੁਤ ਜ਼ਿਆਦਾ ਸੰਪਤੀ ਕਮਾਈ, ਜਦੋਂਕਿ ਕਰੋੜਾਂ ਲੋਕ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ। ਬੇਹਰ ਨੇ ਕਿਹਾ ਕਿ ਸ਼ੁਰੂਆਤ ਵਿਚ ਸੋਚ ਸੀ ਕਿ ਮਹਾਮਾਰੀ ਸਾਰਿਆਂ ਨੂੰ ਸਮਾਨ ਰੂਪ ਨਾਲ ਪ੍ਰਭਾਵਿਤ ਕਰੇਗੀ ਪਰ ਤਾਲਾਬੰਦੀ ਹੋਣ ’ਤੇ ਸਮਾਜ ਵਿਚ ਅਸਮਾਨਤਾਵਾਂ ਖ਼ੁੱਲ੍ਹ ਕੇ ਸਾਹਮਣੇ ਆਈਆਂ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਵਰਿੰਦਰ ਸਹਿਵਾਗ ਨੇ ਭਾਰਤੀ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ
ਰਿਪੋਰਟ ਲਈ ਆਕਸਫੈਮ ਵੱਲੋਂ ਕੀਤੇ ਗਏ ਸਰਵੇਖਣ ਵਿਚ 79 ਦੇਸ਼ਾਂ ਦੇ 295 ਅਰਥਸ਼ਾਸਤਰੀਆਂ ਨੇ ਆਪਣੀ ਰਾਏ ਦਿੱਤੀ, ਜਿਸ ਵਿਚ ਜੇਫਰੀ ਡੈਵਿਡ, ਜਯਤੀ ਘੋਸ਼ ਅਤੇ ਗੇਬ੍ਰਿਅਲ ਜੁਕਮੈਨ ਸਮੇਤ 87 ਫ਼ੀਸਦੀ ਉਤਰਦਾਤਾਵਾਂ ਨੇ ਮਹਾਮਾਰੀ ਦੇ ਚੱਲਦੇ ਆਪਣੇ ਦੇਸ਼ ਵਿਚ ਆਮਦਨੀ ਅਸਮਾਨਤਾ ਵਿਚ ਵੱਡੇ ਜਾਂ ਬਹੁਤ ਵੱਡੇ ਵਾਧੇ ਦਾ ਅੰਦਾਜ਼ਾ ਜਤਾਇਆ। ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਸ਼ਿਵ ਨਾਦਰ, ਸਾਯਰਸ ਪੂਨਾਵਾਲਾ, ਉਦੈ ਕੋਟਕ, ਅਜੀਮ ਪ੍ਰੇਮਜੀ, ਸੁਨੀਲ ਮਿੱਤਲ, ਰਾਧਾਕ੍ਰਿਸ਼ਨ ਦਮਾਨੀ, ਕੁਮਾਰ ਮੰਗਲਮ ਬਿਰਲਾ ਅਤੇ ਲਕਸ਼ਮੀ ਮਿੱਤਰ ਵਰਗੇ ਅਰਬਪਤੀਆਂ ਦੀ ਸੰਪਤੀ ਮਾਰਚ 2020 ਦੇ ਬਾਅਦ ਮਹਾਮਾਰੀ ਅਤੇ ਤਾਲਾਬੰਦੀ ਦੌਰਾਨ ਤੇਜ਼ੀ ਨਾਲ ਵਧੀ। ਦੂਜੇ ਪਾਸੇ ਅਪ੍ਰੈਲ 2020 ਵਿਚ ਪ੍ਰਤੀ ਘੰਟੇ 1.7 ਲੱਖ ਲੋਕ ਬੇਰੁਜ਼ਗਾਰ ਹੋ ਰਹੇ ਸਨ। ਆਸਕਫੈਮ ਨੇ ਕਿਹਾ ਕਿ ਮਹਾਮਾਰੀ ਅਤੇ ਤਾਲਾਬੰਦੀ ਦਾ ਮਜ਼ਦੂਰਾਂ ਦੇ ਸਭ ਤੋਂ ਜ਼ਿਆਦਾ ਅਸਰ ਹੋਇਆ। ਇਸ ਦੌਰਾਨ ਕਰੀਬ 12.2 ਕਰੋੜ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।