ਮਾਰੂਤੀ ਦੇ ਸ਼ੌਕੀਨਾਂ ਨੂੰ ਝਟਕਾ, ਇਨ੍ਹਾਂ ਕਾਰਾਂ ''ਤੇ ਲੱਗਣ ਜਾ ਰਹੀ ਹੈ ਬ੍ਰੇਕ

Monday, Apr 15, 2019 - 12:23 PM (IST)

ਮਾਰੂਤੀ ਦੇ ਸ਼ੌਕੀਨਾਂ ਨੂੰ ਝਟਕਾ, ਇਨ੍ਹਾਂ ਕਾਰਾਂ ''ਤੇ ਲੱਗਣ ਜਾ ਰਹੀ ਹੈ ਬ੍ਰੇਕ

ਮੁੰਬਈ— ਮਾਰੂਤੀ ਸੁਜ਼ੂਕੀ ਦੀ ਡੀਜ਼ਲ ਗੱਡੀ ਦੇ ਸ਼ੌਕੀਨ ਹੋ ਤਾਂ ਅਗਲੇ ਸਾਲ ਤੋਂ ਬਾਜ਼ਾਰ 'ਚ ਨਵੀਂ ਕਾਰ ਇਸ ਮਾਡਲ 'ਚ ਨਹੀਂ ਮਿਲੇਗੀ। ਸਿਰਫ ਪੈਟਰੋਲ, ਸੀ. ਐੱਨ. ਜੀ. ਤੇ ਹਾਈਬ੍ਰਿਡ ਮਾਡਲ ਹੀ ਉਪਲੱਬਧ ਹੋਣਗੇ। ਸਾਲ 2020 'ਚ ਲਾਗੂ ਹੋਣ ਵਾਲਾ ਬੀ. ਐੱਸ.-6 ਨਿਯਮ ਡੀਜ਼ਲ ਕਾਰਾਂ ਲਈ ਕਾਲ ਸਾਬਤ ਹੋਣ ਵਾਲਾ ਹੈ। ਮਾਰੂਤੀ ਸੁਜ਼ੂਕੀ ਇਕ ਅਪ੍ਰੈਲ 2020 ਤੋਂ ਡੀਜ਼ਲ ਕਾਰਾਂ ਬਣਾਉਣਾ ਬੰਦ ਕਰ ਦੇਵੇਗੀ।

ਮਾਰੂਤੀ ਸੁਜ਼ੂਕੀ ਕੰਪਨੀ ਦਾ ਕਹਿਣਾ ਹੈ ਕਿ ਡੀਜ਼ਲ ਕਾਰਾਂ ਦੀ ਕੀਮਤ ਉੱਚੀ ਹੋਣ ਕਾਰਨ ਇਨ੍ਹਾਂ ਦੀ ਲੋਕਪ੍ਰਿਯਤਾ ਘੱਟ ਹੋ ਰਹੀ ਹੈ। ਬੀ. ਐੱਸ.-6 ਨਿਯਮ ਲਾਗੂ ਹੋਣ ਨਾਲ ਡੀਜ਼ਲ ਕਾਰ ਹੋਰ ਮਹਿੰਗੀ ਹੋ ਜਾਵੇਗੀ ਤੇ ਬਾਜ਼ਾਰ ਦਾ ਹਿਸਾਬ-ਕਿਤਾਬ ਲਾਉਣ ਮਗਰੋਂ ਅੰਦਾਜ਼ਾ ਹੋ ਗਿਆ ਹੈ ਕਿ ਖਰੀਦਦਾਰ ਇੰਨੀ ਉੱਚੀ ਕੀਮਤ 'ਤੇ ਡੀਜ਼ਲ ਕਾਰ ਨਹੀਂ ਖਰੀਦਣਗੇ। ਛੋਟੇ ਡੀਜ਼ਲ ਇੰਜਣ ਨੂੰ ਭਾਰਤ ਸਟੇਜ-6 (ਬੀ. ਐੱਸ.-6) 'ਚ ਬਦਲਣ 'ਤੇ 1.3 ਲੱਖ ਤੋਂ 1.5 ਲੱਖ ਰੁਪਏ ਖਰਚ ਹੋ ਰਹੇ ਹਨ।
 

2.5 ਲੱਖ ਤਕ ਮਹਿੰਗੀ ਹੋਵੇਗੀ ਡੀਜ਼ਲ ਕਾਰ-
ਪੈਟਰੋਲ-ਡੀਜ਼ਲ ਕੀਮਤਾਂ 'ਚ ਘੱਟ ਹੋ ਰਿਹਾ ਫਰਕ ਵੀ ਡੀਜ਼ਲ ਕਾਰਾਂ ਪ੍ਰਤੀ ਲੋਕਾਂ ਦਾ ਮੋਹ ਭੰਗ ਕਰ ਰਿਹਾ ਹੈ। ਸਾਲ 2011 'ਚ ਪੈਟਰੋਲ ਤੇ ਡੀਜ਼ਲ ਕੀਮਤਾਂ 'ਚ 32 ਰੁਪਏ ਪ੍ਰਤੀ ਲਿਟਰ ਦਾ ਫਰਕ ਸੀ, ਜੋ ਹੁਣ ਲਗਭਗ ਸਿਰਫ 7 ਰੁਪਏ ਹੈ। ਉੱਥੇ ਹੀ, ਸੁਪਰੀਮ ਕੋਰਟ ਨੇ ਕੰਪਨੀਆਂ ਨੂੰ 1 ਅਪ੍ਰੈਲ 2020 ਤੋਂ ਭਾਰਤ 'ਚ ਸਿਰਫ ਬੀ. ਐੱਸ-6 ਵਾਹਨ ਵੇਚਣ ਦੀ ਮਨਜ਼ੂਰੀ ਦਿੱਤੀ ਹੈ, ਯਾਨੀ ਦੋ-ਪਹੀਆ, ਵਪਾਰਕ ਗੱਡੀ ਜਾਂ ਕਾਰਾਂ ਸਮੇਤ ਕੋਈ ਵੀ ਨਵਾਂ ਬੀ. ਐੱਸ.-4 ਵਾਹਨ ਇਸ ਤਰੀਕ ਤੋਂ ਨਹੀਂ ਵਿਕ ਸਕੇਗਾ। ਇਸ ਵਜ੍ਹਾ ਨਾਲ ਕਈ ਡੀਜ਼ਲ ਕਾਰਾਂ ਦਾ ਰਸਤਾ ਇੱਥੇ ਹੀ ਸਮਾਪਤ ਹੋ ਸਕਦਾ ਹੈ, ਵੱਡਾ ਕਾਰਨ ਇਹੀ ਹੈ ਕਿ ਕੰਪਨੀਆਂ ਲਈ ਭਾਰਤ ਸਟੇਜ-4 ਤੋਂ ਬੀ. ਐੱਸ.-6 ਤਕਨੀਕ ਅਪਣਾਉਣ 'ਤੇ ਖਾਸਾ ਖਰਚ ਆ ਰਿਹਾ ਹੈ ਤੇ ਗੱਡੀ ਮਹਿੰਗੀ ਹੋਣ ਨਾਲ ਖਰੀਦਦਾਰ ਨਹੀਂ ਮਿਲਣਗੇ। ਇਸ ਦੇ ਇਲਾਵਾ ਸੁਰੱਖਿਆ ਨਾਲ ਜੁੜੇ ਨਿਯਮ ਵੀ ਪ੍ਰਭਾਵ 'ਚ ਆ ਰਹੇ ਹਨ, ਜਿਨ੍ਹਾਂ ਨਾਲ ਡੀਜ਼ਲ ਕਾਰ ਦੀ ਕੀਮਤ ਪੈਟਰੋਲ ਗੱਡੀ ਨਾਲੋਂ ਕਾਫੀ ਵੱਧ ਹੋ ਜਾਵੇਗੀ। ਇੰਡਸਟਰੀ ਦਾ ਮੰਨਣਾ ਹੈ ਕਿ ਬੀ. ਐੱਸ.-6 ਪੈਟਰੋਲ ਤੇ ਡੀਜ਼ਲ ਕਾਰਾਂ ਦੀ ਕੀਮਤ ਵਿਚਕਾਰ ਫਰਕ 2.5 ਲੱਖ ਰੁਪਏ ਤਕ ਵਧ ਜਾਵੇਗਾ।


Related News