ਸ਼ੇਅਰ ਬਾਜ਼ਾਰ ''ਚ ਅੱਜ ਫ਼ਿਰ ਆਈ ''ਸੁਨਾਮੀ'' ! ਲਾਲ ਨਿਸ਼ਾਨ ''ਚ ਖੁੱਲ੍ਹੀ ਮਾਰਕੀਟ
Thursday, Oct 22, 2026 - 10:11 AM (IST)
ਬਿਜ਼ਨੈੱਸ ਡੈਸਕ- ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਅਤੇ Profit Booking ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਖੁੱਲ੍ਹਦੇ ਸਾਰ ਹੀ ਅੱਜ ਮੰਦੀ ਦੇਖਣ ਨੂੰ ਮਿਲੀ। ਖ਼ਬਰ ਲਿਖਣ ਸਮੇਂ ਸੈਂਸੈਕਸ 450 ਤੋਂ ਵੱਧ ਅੰਕ ਟੁੱਟ ਕੇ 73,240 ਦੇ ਕਰੀਬ ਟ੍ਰੇਡ ਕਰ ਰਿਹਾ ਸੀ, ਜਦਕਿ ਨਿਫਟੀ 200 ਦੇ ਕਰੀਬ ਅੰਕਾਂ ਦੀ ਗਿਰਾਵਟ ਨਾਲ 22,600 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਅਮਰੀਕੀ ਬਾਜ਼ਾਰਾਂ 'ਚ ਮੰਦੀ ਅਤੇ ਵਿਆਜ ਦਰਾਂ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਕਾਰਨ ਏਸ਼ੀਆਈ ਬਾਜ਼ਾਰਾਂ 'ਚ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਖਾੜੀ ਦੇਸ਼ਾਂ 'ਚ ਵਧਦੇ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਵੀ ਲਗਾਤਾਰ ਜਾਰੀ ਹੈ, ਜਿਸ ਦਾ ਸਿੱਧਾ ਅਸਰ ਸ਼ੇਅਰ ਬਾਜ਼ਾਰ 'ਤੇ ਦਿਖ ਰਿਹਾ ਹੈ।
ਇਸ ਤੋਂ ਇਲਾਵਾ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ ਵੀ ਡਾਲਰ ਦੇ ਮੁਕਾਬਲੇ 12 ਪੈਸੇ ਟੁੱਟ ਕੇ 94.50 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ ਹੈ। ਦੁਨੀਆ ਭਰ 'ਚ ਕੱਚੇ ਤੇਲ ਦੀਆਂ ਕੀਮਤਾਂ ਵੀ ਲਗਾਤਾਰ ਉੱਪਰ ਜਾ ਰਹੀਆਂ ਹਨ। ਮੌਜੂਦਾ ਸਮੇਂ ਬ੍ਰੈਂਟ ਕ੍ਰੂਡ 1.58 ਫ਼ੀਸਦੀ ਵਧ ਕੇ 110.54 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਇਸ ਸਭ ਦੇ ਕਾਰਨ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਅੱਜ ਵੀ ਮੰਦੀ ਦੇਖੀ ਜਾ ਰਹੀ ਹੈ।
ਇਸ ਸਮੇਂ ਤੱਕ ਬਜਾਜ ਹੋਲਡਿੰਗਜ਼ ਐਂਡ ਇਨਵੈਸਟਮੈਂਟ (3.15 ਫ਼ੀਸਦੀ) ਤੇ ਵਿਪਰੋ (1.30 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ ਦੇਖੀ ਗਈ, ਜਦਕਿ ਮੈਜ਼ਗੌਨ ਡੌਕ ਸ਼ਿਪਬਿਲਡਰ (4.77 ਫ਼ੀਸਦੀ), ਹਿਤਾਚੀ ਐਨਰਜੀ ਇੰਡੀਆ (3.80 ਫ਼ੀਸਦੀ) ਤੇ ਹਿੰਦੁਸਤਾਨ ਜ਼ਿੰਕ (2.95 ਫ਼ੀਸਦੀ) ਦੇ ਸ਼ੇਅਰਾਂ 'ਚ ਸਭ ਤੋਂ ਵੱਧ ਗਿਰਾਵਟ ਆਈ ਹੈ।
