FDA ਦੀ ਵੱਡੀ ਕਾਰਵਾਈ: ਸਵਿਗੀ ਇੰਸਟਾਮਾਰਟ ਤੇ ਅਮੇਜ਼ਨ ਵੇਅਰਹਾਊਸ ਸਣੇ 10 ਅਦਾਰਿਆਂ ਦੇ ਲਾਇਸੈਂਸ ਮੁਅੱਤਲ

Tuesday, Sep 22, 2026 - 11:25 PM (IST)

FDA ਦੀ ਵੱਡੀ ਕਾਰਵਾਈ: ਸਵਿਗੀ ਇੰਸਟਾਮਾਰਟ ਤੇ ਅਮੇਜ਼ਨ ਵੇਅਰਹਾਊਸ ਸਣੇ 10 ਅਦਾਰਿਆਂ ਦੇ ਲਾਇਸੈਂਸ ਮੁਅੱਤਲ

ਮੁੰਬਈ : ਮਹਾਰਾਸ਼ਟਰ ਫੂਡ ਅਤੇ ਡਰੱਗ ਪ੍ਰਸ਼ਾਸਨ (FDA) ਨੇ ਖਾਧ ਸੁਰੱਖਿਆ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਦੇ ਦੋਸ਼ ਹੇਠ 10 ਵੱਡੇ ਅਦਾਰਿਆਂ ਦੇ ਖਾਧ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਹਨ। ਮੁਅੱਤਲ ਕੀਤੇ ਗਏ ਅਦਾਰਿਆਂ ਵਿੱਚ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਸਥਿਤ ਸਵਿਗੀ ਇੰਸਟਾਮਾਰਟ ਦਾ ਡਾਰਕ ਸਟੋਰ ਵੀ ਸ਼ਾਮਲ ਹੈ।

ਐਫ.ਡੀ.ਏ. ਵੱਲੋਂ ਜਾਰੀ ਬਿਆਨ ਅਨੁਸਾਰ, ਨਿਰੀਖਣ ਦੌਰਾਨ ਸਵਿਗੀ ਇੰਸਟਾਮਾਰਟ ਦੇ ਗੋਦਾਮ ਵਿੱਚ ਜ਼ਿੰਦਾ ਚੂਹੇ, ਚੂਹਿਆਂ ਦੁਆਰਾ ਕੁਤਰੇ ਹੋਏ ਚੌਲਾਂ ਦੇ ਬੋਰੇ ਅਤੇ ਫਰਸ਼ 'ਤੇ ਖਿਲਰਿਆ ਦੂਸ਼ਿਤ ਅਨਾਜ ਮਿਲਿਆ। ਇਸ ਤੋਂ ਇਲਾਵਾ ਖਾਣ-ਪੀਣ ਵਾਲੀਆਂ ਵਸਤੂਆਂ 'ਤੇ ਵੱਡੀ ਗਿਣਤੀ ਵਿੱਚ ਕਾਕਰੋਚ, ਸਮਾਨ ਢੋਣ ਵਾਲੀਆਂ ਗੱਡੀਆਂ ਵਿੱਚ ਮੱਖੀਆਂ ਅਤੇ ਰੈਫ੍ਰਿਜਰੇਸ਼ਨ ਯੂਨਿਟਾਂ ਦੇ ਅੰਦਰ ਮਰੇ ਹੋਏ ਕੀੜੇ ਪਾਏ ਗਏ।

ਸਵਿਗੀ ਤੋਂ ਇਲਾਵਾ ਐਫ.ਡੀ.ਏ. ਨੇ ਅਮੇਜ਼ਨ ਲਈ ਗੋਦਾਮ ਦਾ ਸੰਚਾਲਨ ਕਰਨ ਵਾਲੀ ਕੰਪਨੀ 'ਐਕਿਊਲੋਜਿਕਸ ਸਪਲਾਈ ਚੇਨ ਸੋਲਿਊਸ਼ਨਜ਼' (ਮਲਾਡ), 'ਸਦਗੁਰੂ ਸਵੀਟਸ ਐਂਡ ਫਰਸਾਨ ਮਾਰਟ' (ਮਲਾਡ), 'ਸੁਲੇਮਾਨ ਉਸਮਾਨ ਮਿਠਾਈਵਾਲਾ' (ਮੋਹੰਮਦ ਅਲੀ ਰੋਡ), 'ਜੈਨ ਸਵੀਟ ਐਂਡ ਭੇਲਪੁਰੀ ਹਾਊਸ' (ਚੇਂਬੂਰ) ਅਤੇ 'ਨਾਈਸ ਐਂਟਰਪ੍ਰਾਈਜ਼ਜ਼' ਦੇ ਲਾਇਸੈਂਸ ਵੀ ਮੁਅੱਤਲ ਕਰ ਦਿੱਤੇ ਹਨ।

ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਐਫ.ਡੀ.ਏ. ਨੇ ਪੂਰੇ ਰਾਜ ਵਿੱਚੋਂ 1.36 ਕਰੋੜ ਰੁਪਏ ਦੀ ਕੀਮਤ ਦਾ ਮਿਲਾਵਟੀ ਖੋਆ, ਮਾਵਾ, ਪੇੜਾ, ਘਿਓ, ਤੇਲ, ਮਿਠਾਈਆਂ ਅਤੇ ਹੋਰ ਦੁੱਧ ਉਤਪਾਦ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਮਿਰਜ ਇਲਾਕੇ ਤੋਂ 6.53 ਲੱਖ ਰੁਪਏ ਦੀ ਕੀਮਤ ਦਾ 1,868 ਕਿਲੋਗ੍ਰਾਮ ਹਲਦੀ ਪਾਊਡਰ ਵੀ ਜ਼ਬਤ ਕੀਤਾ ਗਿਆ ਹੈ।
 


author

Inder Prajapati

Content Editor

Related News