ਲਾਟਰੀ 'ਤੇ ਇੰਨਾ ਹੋ ਜਾਵੇਗਾ GST, ਪਹਿਲੀ ਮਾਰਚ ਤੋਂ ਹੋਣ ਜਾ ਰਿਹੈ ਲਾਗੂ

02/23/2020 3:19:12 PM

ਨਵੀਂ ਦਿੱਲੀ— ਸਰਕਾਰੀ ਲਾਟਰੀ ਪਾਉਣੀ ਮਹਿੰਗੀ ਹੋਣ ਜਾ ਰਹੀ ਹੈ। ਨੋਟੀਫਿਕੇਸ਼ਨ ਮੁਤਾਬਕ, ਮਾਰਚ ਤੋਂ ਲਾਟਰੀ 'ਤੇ 28 ਫੀਸਦੀ ਜੀ. ਐੱਸ. ਟੀ. ਲਾਗੂ ਹੋ ਜਾਵੇਗਾ। ਫਿਲਹਾਲ ਸੂਬਾ ਸਰਕਾਰ ਦੀ ਲਾਟਰੀ 'ਤੇ 12 ਫੀਸਦੀ ਜੀ. ਐੱਸ. ਟੀ. ਹੈ, ਜਦੋਂ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬਾਹਰੀ ਏਜੰਸੀ ਕੋਲੋਂ ਲਾਟਰੀ ਖਰੀਦਣ 'ਤੇ 28 ਫੀਸਦੀ ਟੈਕਸ ਲੱਗਦਾ ਹੈ। ਪਿਛਲੇ ਸਾਲ ਦਸੰਬਰ 'ਚ ਜੀ. ਐੱਸ. ਟੀ. ਕੌਂਸਲ ਨੇ ਸੂਬਾ ਸਰਕਾਰ ਤੇ ਮਾਨਤਾ ਪ੍ਰਾਪਤ ਲਾਟਰੀ 'ਤੇ ਸਿੰਗਲ ਦਰ ਨਾਲ ਜੀ. ਐੱਸ. ਟੀ. ਚਾਰਜ ਕਰਨ ਦਾ ਫੈਸਲਾ ਕੀਤਾ ਸੀ।


ਮਾਲੀਏ ਵਿਭਾਗ ਦੇ ਨੋਟੀਫਿਕੇਸ਼ਨ ਮੁਤਾਬਕ, ਇਹ ਨਵੀਂ ਦਰ 1 ਮਾਰਚ 2020 ਤੋਂ ਲਾਗੂ ਹੋ ਜਾਵੇਗੀ। ਪਿਛਲੇ ਕਾਫੀ ਸਮੇਂ ਤੋਂ ਲਾਟਰੀ 'ਤੇ ਸਿੰਗਲ ਚਾਰਜ ਜੀ. ਐੱਸ. ਟੀ. ਲਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਲਈ ਜੀ. ਐੱਸ. ਟੀ. ਕੌਂਸਲ ਨੇ ਇਕ ਮੰਤਰੀ ਸਮੂਹ ਦਾ ਗਠਨ ਕੀਤਾ ਸੀ। ਮੰਤਰੀ ਸਮੂਹ ਦੀ ਰਿਪੋਰਟ 'ਤੇ ਜੀ. ਐੱਸ. ਟੀ. ਕੌਂਸਲ ਦਸੰਬਰ 'ਚ ਲਾਟਰੀ 'ਤੇ ਇਸ ਗੱਲ 'ਤੇ ਸਹਿਮਤ ਹੋ ਗਈ। ਸਿੰਗਲ ਦਰ ਹੋਣ ਨਾਲ ਹੁਣ ਕੋਈ ਵੀ ਲਾਟਰੀ ਖਰੀਦਣ 'ਤੇ ਇਕੋ ਜਿਹਾ ਟੈਕਸ ਲੱਗੇਗਾ। ਸਰਲ ਸ਼ਬਦਾਂ 'ਚ ਗੱਲ ਕਰੀਏ ਤਾਂ ਕੌਂਸਲ ਨੇ ਸੂਬਾ ਸਰਕਾਰਾਂ ਦੀ ਲਾਟਰੀ ਅਤੇ ਨਿੱਜੀ ਲਾਟਰੀ ਲਈ ਇਕਸਾਰ 28 ਫੀਸਦੀ ਟੈਕਸ ਦਰ ਨਿਰਧਾਰਤ ਕੀਤੀ ਹੈ।
ਜੀ. ਐੱਸ. ਟੀ. ਕੌਂਸਲ 'ਚ ਸੂਬਾ ਸਰਕਾਰਾਂ ਦੇ ਵਿੱਤ ਮੰਤਰੀ ਸ਼ਾਮਲ ਹਨ। ਇਸ ਕੌਂਸਲ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤੀ ਜਾਂਦੀ ਹੈ। ਜੀ. ਐੱਸ. ਟੀ. ਦਰਾਂ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੂਬਾ ਸਰਕਾਰਾਂ ਦੀ ਸਹਿਮਤੀ ਲਈ ਜਾਂਦੀ ਹੈ।


Related News