ਟਿੱਡੀ ਦਲ ਤੋਂ ਬਚਣ ਲਈ ਫਸਲਾਂ 'ਤੇ ਕਰੋ ਇਸ ਨੁਸਖੇ ਦਾ ਇਸਤੇਮਾਲ
Thursday, Jul 02, 2020 - 06:16 PM (IST)
ਨਵੀਂ ਦਿੱਲੀ— ਖੇਤੀ ਖੇਤਰ 'ਚ ਰਿਸਰਚ ਨਾਲ ਜੁੜੀਆਂ ਕੰਪਨੀਆਂ ਦੇ ਸੰਗਠਨ 'ਕ੍ਰਾਪਲਾਈਫ ਇੰਡੀਆ' ਨੇ ਟਿੱਡੀ ਦਲ ਦੇ ਹਮਲੇ ਕਾਰਨ ਫਸਲਾਂ ਦੇ ਬਚਾਅ ਲਈ ਫਸਲਾਂ 'ਤੇ ਨਿੰਮ ਤੇਲ ਦੇ ਛਿੜਕਾਅ ਅਤੇ ਖੇਤ 'ਚ ਤੇਜ਼ ਆਵਾਜ਼ ਕਰਨ ਦੀ ਸਲਾਹ ਦਿੱਤੀ ਹੈ।
ਸੰਗਠਨ ਨੇ ਕਿਸਾਨਾਂ ਤੇ ਰਸਾਇਣ ਛਿੜਕਾਅ ਕਰਨ ਵਾਲੀਆਂ ਏਜੰਸੀਆਂ ਲਈ ਵੀਰਵਾਰ ਨੂੰ ਸਲਾਹ ਜਾਰੀ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਰੇਡੀਓ, ਟੈਲੀਵਿਜ਼ਨ, ਮੋਬਾਇਲ ਆਦਿ ਤੋਂ ਪ੍ਰਾਪਤ ਜਾਣਕਾਰੀ 'ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਆਪਣੇ ਇਲਾਕੇ 'ਚ ਟਿੱਡੀ ਦਲ ਦੇ ਆਉਣ ਦਾ ਸਮੇਂ ਤੋਂ ਪਹਿਲਾਂ ਪਤਾ ਲੱਗ ਸਕੇ।
ਜੇਕਰ ਨੇੜਲੇ ਇਲਾਕੇ 'ਚ ਟਿੱਡੀ ਦਲ ਦੇ ਹਮਲੇ ਦਾ ਪਤਾ ਲੱਗੇ ਤਾਂ ਕਿਸਾਨਾਂ ਨੂੰ ਫਸਲ ਦੇ ਬਚਾਅ ਲਈ ਪ੍ਰਤੀ ਲਿਟਰ ਪਾਣੀ 'ਚ ਪੰਜ ਮਿਲੀਲਿਟਰ ਨਿੰਮ ਤੇਲ ਪਾ ਕੇ ਛਿੜਕਾਅ ਕਰਨਾ ਚਾਹੀਦਾ ਹੈ। ਸੰਗਠਨ ਨੇ ਕਿਹਾ ਕਿ ਟਿੱਡਿਆਂ ਨੂੰ ਭਜਾਉਣ ਲਈ ਖੇਤ 'ਚ ਤੇਜ਼ ਆਵਾਜ਼ ਕਰਨੀ ਚਾਹੀਦੀ ਹੈ। ਵਾਹਨਾਂ, ਘੰਟੀ ਜਾਂ ਥਾਲੀ ਵਜਾ ਕੇ ਟਿੱਡਿਆਂ ਨੂੰ ਭਜਾਇਆ ਜਾ ਸਕਦਾ ਹੈ। ਕ੍ਰਾਪਲਾਈਫ ਨੇ ਨਾਲ ਹੀ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਦੱਸੇ ਗਏ ਰਸਾਇਣਾਂ ਦਾ ਇਸਤੇਮਾਲ ਵੀ ਕਰਨਾ ਚਾਹੀਦਾ ਹੈ। ਇਨ੍ਹਾਂ ਰਸਾਇਣਾਂ ਦਾ ਛਿੜਕਾਅ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਇਸ ਨਾਲ ਨਦੀ, ਤਲਾਬ ਆਦਿ ਦਾ ਪਾਣੀ ਸੰਕ੍ਰਮਿਤ ਨਾ ਹੋਵੇ ਅਤੇ ਪਾਣੀ ਵਰਤਣਯੋਗ ਰਹੇ।