ਚਿੱਪ ਦੀ ਕਮੀ ਕਾਰਨ ਮਾਰੂਤੀ ਨੂੰ ਹੋਇਆ ਭਾਰੀ ਨੁਕਸਾਨ, ਲਾਭ ''ਚ ਆਈ 65% ਦੀ ਗਿਰਾਵਟ
Wednesday, Oct 27, 2021 - 04:29 PM (IST)
ਨਵੀਂ ਦਿੱਲੀ - ਸੈਮੀਕੰਡਕਟਰ ਸੰਕਟ ਕਾਰਨ ਆਟੋ ਸੈਕਟਰ ਨੂੰ ਕਾਫੀ ਨੁਕਸਾਨ ਹੋਇਆ ਹੈ। ਦੇਸ਼ ਦੀ ਪ੍ਰਮੁੱਖ ਆਟੋ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ 30 ਸਤੰਬਰ 2021 ਨੂੰ ਖਤਮ ਹੋਏ ਵਿੱਤੀ ਸਾਲ 2021-22 ਦੀ ਦੂਜੀ ਤਿਮਾਹੀ ਦੇ ਨਤੀਜੇ ਪੇਸ਼ ਕੀਤੇ ਹਨ। ਕੰਪਨੀ ਦੇ ਮੁਨਾਫੇ 'ਚ 65 ਫੀਸਦੀ ਦੀ ਭਾਰੀ ਗਿਰਾਵਟ ਆਈ ਹੈ। ਇਸ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 475.30 ਕਰੋੜ ਰੁਪਏ ਰਿਹਾ। ਸਤੰਬਰ 2020 ਤਿਮਾਹੀ ਵਿੱਚ ਕੰਪਨੀ ਦਾ ਸ਼ੁੱਧ ਲਾਭ 1371 ਕਰੋੜ ਰੁਪਏ ਸੀ।
ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੰਪਨੀ ਦੀ ਸ਼ੁੱਧ ਵਿਕਰੀ 19298 ਕਰੋੜ ਰੁਪਏ ਰਹੀ। ਇਸ ਨੇ ਸਾਲਾਨਾ ਆਧਾਰ 'ਤੇ 9 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਸਤੰਬਰ 2020 ਤਿਮਾਹੀ ਵਿੱਚ ਕੁੱਲ ਵਿਕਰੀ 17689 ਕਰੋੜ ਰੁਪਏ ਰਹੀ। ਕੰਪਨੀ ਦੇ ਕੁੱਲ ਮਾਲੀਏ ਦੀ ਗੱਲ ਕਰੀਏ ਤਾਂ ਇਸ ਨੇ 9 ਫੀਸਦੀ ਦਾ ਵਾਧਾ ਦਰਜ ਕੀਤਾ ਅਤੇ ਇਹ 20538 ਕਰੋੜ ਰੁਪਏ ਰਹੀ। ਪਿਛਲੇ ਸਾਲ ਇਸੇ ਤਿਮਾਹੀ 'ਚ ਇਹ 18744 ਕਰੋੜ ਰੁਪਏ ਸੀ।
379541 ਵਾਹਨ ਵੇਚੇ ਗਏ
ਦੂਜੀ ਤਿਮਾਹੀ 'ਚ ਕੰਪਨੀ ਨੇ ਕੁੱਲ 3 ਲੱਖ 79 ਹਜ਼ਾਰ 541 ਵਾਹਨ ਵੇਚੇ। ਇਸ ਦੀਆਂ ਘਰੇਲੂ ਬਾਜ਼ਾਰ 'ਚ 3 ਲੱਖ 20 ਹਜ਼ਾਰ 133 ਕਾਰਾਂ ਵਿਕੀਆਂ, ਜਦਕਿ 59408 ਵਾਹਨ ਬਰਾਮਦ ਕੀਤੇ ਗਏ। ਰਿਪੋਰਟ ਮੁਤਾਬਕ ਮਾਰੂਤੀ ਸੈਮੀਕੰਡਕਟਰ ਸੰਕਟ ਕਾਰਨ ਇਸ ਤਿਮਾਹੀ 'ਚ 1.16 ਲੱਖ ਵਾਹਨਾਂ ਦਾ ਉਤਪਾਦਨ ਨਹੀਂ ਕਰ ਸਕੀ। ਕੰਪਨੀ ਕੋਲ ਇਸ ਤਿਮਾਹੀ ਵਿੱਚ 2 ਲੱਖ ਤੋਂ ਵੱਧ ਆਰਡਰ ਬਕਾਇਆ ਸਨ।