ਪੰਜਾਬ ''ਚ ਮਹਿੰਗੀ ਹੋ ਸਕਦੀ ਹੈ ਵਾਢੀ, ਕਿਸਾਨਾਂ ''ਤੇ ਵਧੇਗਾ ਬੋਝ
Monday, Apr 08, 2019 - 02:52 PM (IST)
ਜਲੰਧਰ— ਪੰਜਾਬ 'ਚ ਕਣਕ ਦੀ ਕਟਾਈ ਇਸ ਵਾਰ ਮਹਿੰਗੀ ਪੈਣ ਵਾਲੀ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਲੋਕ ਸਭਾ ਚੋਣਾਂ ਲਈ ਮਜ਼ਦੂਰਾਂ ਦੇ ਵਾਪਸ ਪਰਤਣ ਕਾਰਨ ਕਿਸਾਨਾਂ ਅਤੇ ਉਦਯੋਗਿਕ ਖੇਤਰਾਂ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਡਰ ਹੈ ਕਿ ਕਣਕ ਦੀ ਕਟਾਈ 'ਚ ਦੇਰੀ ਹੋ ਸਕਦੀ ਹੈ, ਨਾਲ ਹੀ ਮਜ਼ਦੂਰੀ ਵੀ ਵਧਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਇੰਨਾ ਹੀ ਨਹੀਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ 'ਚ ਉਦਯੋਗਿਕ ਖੇਤਰ ਵੀ ਮਜ਼ਦੂਰਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਕਈ ਯੂਨਿਟਾਂ ਨੂੰ ਨਿਰਮਾਣ 'ਚ ਕਟੌਤੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪਿਛਲੇ ਸੀਜ਼ਨ 'ਚ ਪੰਜਾਬ 'ਚ ਮਜ਼ਦੂਰੀ 4,000 ਰੁਪਏ ਤੋਂ 4,500 ਰੁਪਏ ਪ੍ਰਤੀ ਏਕੜ ਵਿਚਕਾਰ ਸੀ, ਜੋ ਇਸ ਵਾਰ ਵਧ ਕੇ 5,000 ਰੁਪਏ ਤਕ ਪਹੁੰਚ ਸਕਦੀ ਹੈ। ਹਾਲ ਹੀ 'ਚ ਹੋਈ ਬਾਰਸ਼ ਕਾਰਨ ਕਣਕ ਦੀ ਕਟਾਈ 'ਚ ਪਹਿਲਾਂ ਹੀ ਲਗਭਗ ਇਕ ਹਫਤੇ ਦੀ ਦੇਰੀ ਹੋ ਚੁੱਕੀ ਹੈ। ਕਿਸਾਨਾਂ ਨੂੰ ਹੁਣ ਸਥਾਨਕ ਮਜ਼ਦੂਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜੋ ਪ੍ਰਵਾਸੀ ਮਜ਼ਦੂਰਾਂ ਦੀ ਤੁਲਨਾ 'ਚ ਮਹਿੰਗੇ ਹਨ।
ਲੋਕ ਸਭਾ ਚੋਣਾਂ ਦਾ ਆਗਾਜ਼ 11 ਅਪ੍ਰੈਲ ਤੋਂ ਹੋਣ ਜਾ ਰਿਹਾ ਹੈ। 7 ਪੜਾਵਾਂ 'ਚ ਹੋਣ ਵਾਲੀਆਂ ਇਨ੍ਹਾਂ ਚੋਣਾਂ 'ਚ ਰਾਜਨੀਤਕ ਦਲਾਂ ਲਈ ਬਿਹਾਰ ਅਤੇ ਯੂ. ਪੀ. 'ਚ ਭੀੜ ਜੁਟਾਉਣ ਲਈ ਇਨ੍ਹਾਂ ਮਜ਼ਦੂਰਾਂ ਦੀ ਕਾਫੀ ਜ਼ਰੂਰਤ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ ਅਤੇ ਝੋਨੇ ਦੀ ਬੀਜਾਈ ਲਈ ਯੂ. ਪੀ. ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਰਹਿਣ ਦਾ ਖਦਸ਼ਾ ਹੈ, ਜਿਸ ਕਾਰਨ ਉਨ੍ਹਾਂ ਦੀ ਲਾਗਤ ਵਧਣ ਦੀ ਸੰਭਾਵਨਾ ਹੈ। ਬਿਹਾਰ ਤੇ ਯੂ. ਪੀ. ਗਏ ਮਜ਼ਦੂਰਾਂ 'ਚੋਂ ਕਈ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਲਈ ਲੰਬੀ ਛੁੱਟੀ 'ਤੇ ਰਹਿ ਸਕਦੇ ਹਨ।
ਲਿਫਟਿੰਗ 'ਚ ਹੋ ਸਕਦੀ ਹੈ ਮੁਸ਼ਕਲ
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਅਨਾਜ ਮੰਡੀਆਂ 'ਚ ਇਸ ਵਾਰ 132 ਲੱਖ ਟਨ ਕਣਕ ਪਹੁੰਚਣ ਦੀ ਸੰਭਾਵਨਾ ਹੈ। ਪਿਛਲੇ ਸਾਲ 128 ਲੱਖ ਟਨ ਕਣਕ ਪੰਜਾਬ 'ਚ ਖਰੀਦੀ ਗਈ ਸੀ। ਹਾਲਾਂਕਿ ਬੰਪਰ ਫਸਲ ਵਿਚਕਾਰ ਅਨਾਜ ਮੰਡੀਆਂ 'ਚ ਮਜ਼ਦੂਰਾਂ ਦੀ ਕਮੀ ਕਾਰਨ ਲਿਫਟਿੰਗ 'ਚ ਰੁਕਾਵਟ ਹੋ ਸਕਦੀ ਹੈ। ਇਹ ਸੱਤਾਧਾਰੀ ਦਲ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ ਕਿਉਂਕਿ ਅਜਿਹੀ ਸਥਿਤੀ 'ਚ ਕਿਸਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਸਕਦੇ ਹਨ।