ਅਨੰਤ-ਰਾਧਿਕਾ : 3 ਦਿਨ, 2,500 ਡਿਸ਼, ਇਕ ਵੀ ਨਹੀਂ ਦੁਹਰਾਈ ਜਾਵੇਗੀ, ਦੇਸ਼ ਦੀ ਵੱਡੀ ਪ੍ਰੀ-ਵੈਡਿੰਗ ਦਾ ਜਾਣੋ ਮੇਨੂ

Thursday, Feb 29, 2024 - 12:46 PM (IST)

ਮੁੰਬਈ (ਬਿਊਰੋ)– ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਜਲਦ ਹੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਅੰਬਾਨੀ ਪਰਿਵਾਰ ’ਚ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਤੇ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਵਿਆਹ ’ਚ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨ ਜਾ ਰਹੀਆਂ ਹਨ। ਉਨ੍ਹਾਂ ਦੇ ਸ਼ਾਨਦਾਰ ਵਿਆਹ ਤੋਂ ਪਹਿਲਾਂ ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਸੈਰੇਮਨੀ 1 ਤੋਂ 3 ਮਾਰਚ ਤੱਕ ਜਾਮਨਗਰ ’ਚ ਹੋਣੀ ਹੈ, ਜਿਸ ਦਾ ਮੇਨੂ ਹੁਣ ਸਾਹਮਣੇ ਆਇਆ ਹੈ। ਰਿਪੋਰਟ ਅਨੁਸਾਰ ‘ਦਿ ਜਾਰਡਿਨ ਹੋਟਲ’ ਦੇ ਮੁਖੀ ਨੇ ਕਿਹਾ ਕਿ ਥਾਈ, ਜਾਪਾਨੀ, ਮੈਕਸੀਕਨ, ਪਾਰਸੀ ਤੇ ਪੈਨ ਏਸ਼ੀਅਨ ਸਮੇਤ ਗਲੋਬਲ ਮੇਨੂ ਦੇ ਨਾਲ ਲਗਭਗ 2,500 ਪਕਵਾਨ ਪ੍ਰਤੀ ਦਿਨ ਕੁਲ 4 ਮੀਲ ਦੇ ਨਾਲ 3 ਦਿਨਾਂ ਦੇ ਮੇਨੂ ਦਾ ਹਿੱਸਾ ਹੋਣਗੇ।

ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ

PunjabKesari

ਕਈ ਪ੍ਰੋਟੋਕੋਲ ਦੇ ਨਾਲ ਵਿਸ਼ੇਸ਼ ਭੋਜਨ ਤਿਆਰ ਕੀਤਾ ਜਾਵੇਗਾ
ਮਹਿਮਾਨਾਂ ਨੂੰ 75 ਪਕਵਾਨਾਂ ਦੇ ਨਾਲ ਨਾਸ਼ਤਾ, 225 ਤੋਂ ਵੱਧ ਪਕਵਾਨਾਂ ਦੇ ਨਾਲ ਦੁਪਹਿਰ ਦਾ ਖਾਣਾ ਤੇ ਲਗਭਗ 275 ਪਕਵਾਨਾਂ ਦੇ ਨਾਲ ਰਾਤ ਦਾ ਖਾਣਾ ਤੇ 85 ਤੋਂ ਵੱਧ ਆਈਟਮਾਂ ਦੇ ਨਾਲ ਅੱਧੀ ਰਾਤ ਦਾ ਖਾਣਾ ਪਰੋਸਿਆ ਜਾਵੇਗਾ। ਮਿਡਨਾਈਟ ਮੀਲ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਸਵੇਰੇ 4 ਵਜੇ ਤੱਕ ਚੱਲੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਭੋਜਨ ਖ਼ਾਸ ਤੌਰ ’ਤੇ ਵਿਦੇਸ਼ੀ ਮਹਿਮਾਨਾਂ ਲਈ ਤਿਆਰ ਕੀਤਾ ਗਿਆ ਹੈ। ਪਰੋਸੀ ਜਾਣ ਵਾਲੀ ਹਰ ਆਈਟਮ ਸਖ਼ਤ ਦਿਸ਼ਾ-ਨਿਰਦੇਸ਼ਾਂ ਤੇ ਪ੍ਰੋਟੋਕੋਲ ਦੇ ਤਹਿਤ ਤਿਆਰ ਕੀਤੀ ਜਾਵੇਗੀ ਤੇ 3 ਦਿਨਾਂ ’ਚ ਪਰੋਸੇ ਜਾਣ ਵਾਲੇ 12 ਵੱਖ-ਵੱਖ ਭੋਜਨਾਂ ’ਚ ਪਰੋਸੇ ਜਾਣ ਵਾਲੇ ਕਿਸੇ ਵੀ ਪਕਵਾਨ ਨੂੰ ਦੁਹਰਾਇਆ ਨਹੀਂ ਜਾਵੇਗਾ, ਭਾਵ ਕਿਸੇ ਵੀ ਦਿਨ ਕਿਸੇ ਵੀ ਡਿਸ਼ ਨੂੰ ਰਿਪੀਟ ਨਹੀਂ ਕੀਤਾ ਜਾਵੇਗਾ।

PunjabKesari

100 ਤੋਂ ਵੱਧ ਸ਼ੈੱਫ ਇਕੱਠੇ ਭੋਜਨ ਤਿਆਰ ਕਰਨਗੇ
ਜਾਣਕਾਰੀ ਮੁਤਾਬਕ ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਸਮਾਰੋਹ ਲਈ 20 ਮਹਿਲਾ ਸ਼ੈੱਫ ਤੇ ਸਮੱਗਰੀ ਨਾਲ ਭਰੇ 4 ਟਰੱਕਾਂ ਸਮੇਤ 65 ਸ਼ੈੱਫਾਂ ਦਾ ਸਮੂਹ ਇੰਦੌਰ ਤੋਂ ਜਾਮਨਗਰ ਪਹੁੰਚੇਗਾ। ਇਸ ਤੋਂ ਇਲਾਵਾ ਉਥੇ ਇਕ ਵਿਸ਼ੇਸ਼ ਇੰਦੌਰ ਸਰਾਫਾ ਫੂਡ ਕਾਊਂਟਰ ਵੀ ਸਥਾਪਿਤ ਕੀਤਾ ਜਾਵੇਗਾ, ਜੋ ਕਿ ਇੰਦੌਰੀ ਕਚੌਰੀ, ਪੋਹਾ ਜਲੇਬੀ, ਭੁੱਟੇ ਦੀ ਕੀਸ, ਖੋਪੜਾ ਪੇਟੀਜ਼, ਉਪਮਾ ਤੇ ਹੋਰ ਪ੍ਰਸਿੱਧ ਪਕਵਾਨਾਂ ਨੂੰ ਪ੍ਰਮਾਣਿਕ ਸੁਆਦ ਨਾਲ ਪਰੋਸੇਗਾ।

PunjabKesari

ਮਹਿਮਾਨਾਂ ਲਈ 9 ਪੰਨਿਆਂ ਦਾ ਆਰਡਰ ਜਾਰੀ ਕੀਤਾ ਗਿਆ
ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਸਮਾਰੋਹ ’ਚ ਮਹਿਮਾਨਾਂ ਨੂੰ ਹਰ ਦਿਨ ਲਈ ਇਕ ਡਰੈੱਸ ਕੋਡ ਦੇ ਨਾਲ ਇਕ 9 ਪੰਨਿਆਂ ਦੀ ਗਾਈਡਲਾਈਨ ਭੇਜੀ ਗਈ ਹੈ ਤੇ ਹਰ ਦਿਨ ਲਈ ਇਕ ਵਿਸ਼ੇਸ਼ ਥੀਮ ਰੱਖੀ ਗਈ ਹੈ। ਪਹਿਲੇ ਦਿਨ ਦੀ ਥੀਮ ‘ਐਨ ਈਵਨਿੰਗ ਇਨ ਏਵਰਲੈਂਡ’ ਹੈ, ਜਿਸ ਦਾ ਡਰੈੱਸ ਕੋਡ ‘ਐਲੀਗੈਂਟ ਕਾਕਟੇਲ’ ਹੈ। ਦੂਜੇ ਦਿਨ ਦਾ ਡਰੈੱਸ ਕੋਡ ‘ਜੰਗਲ ਫੀਵਰ’ ਹੈ ਤੇ ਤੀਜੇ ਦਿਨ ਦੀ ਥੀਮ ‘ਏ ਵਾਕ ਆਨ ਦਿ ਵਾਈਲਡਸਾਈਡ’, ਹੈ ਜੋ ਜਾਮਨਗਰ ’ਚ ਅੰਬਾਨੀ ਪਰਿਵਾਰ ਦੇ ਪਸ਼ੂ ਬਚਾਓ ਕੇਂਦਰ ’ਚ ਆਯੋਜਿਤ ਕੀਤੀ ਜਾਵੇਗੀ। ਆਖਰੀ ਦਿਨ 2 ਈਵੈਂਟ ਆਯੋਜਿਤ ਕੀਤੇ ਜਾਣਗੇ, ਜਿਸ ’ਚ ਪਹਿਲੇ ਈਵੈਂਟ ਦਾ ਨਾਮ ‘ਟੱਸਕਰ ਟ੍ਰੇਲਜ਼’ ਹੈ, ਜਿਸ ’ਚ ਡਰੈੱਸ ਕੋਡ ‘ਕੈਜ਼ੂਅਲ ਚਿਕ’ ਹੈ। ਆਖਰੀ ਪਾਰਟੀ ਦਾ ਨਾਮ ‘ਹਸਤਾਖ਼ਰ’ ਹੈ, ਜਿਸ ’ਚ ਸਾਰੇ ਮਹਿਮਾਨਾਂ ਨੂੰ ਭਾਰਤੀ ਪਹਿਰਾਵਾ ਪਹਿਨ ਕੇ ਜਸ਼ਨ ’ਚ ਸ਼ਾਮਲ ਹੋਣਾ ਪੈਂਦਾ ਹੈ। ਹਾਲਾਂਕਿ ਗਾਈਡ ’ਚ ਮਹਿਮਾਨਾਂ ਨੂੰ ਡਰੈੱਸ ਕੋਡ ਦੀ ਵਿਆਖਿਆ ਕੀਤੀ ਗਈ ਹੈ, ਉਨ੍ਹਾਂ ਕੋਲ ਆਪਣੀ ਸਹੂਲਤ ਅਨੁਸਾਰ ਕੱਪੜੇ ਪਹਿਨਣ ਦਾ ਵਿਕਲਪ ਵੀ ਹੈ ਤਾਂ ਜੋ ਉਹ ਆਪਣੇ ਅਨੁਭਵ ਦਾ ਪੂਰਾ ਆਨੰਦ ਲੈ ਸਕਣ।

PunjabKesari

ਵਿਆਹ ’ਚ ਦੇਸ਼-ਵਿਦੇਸ਼ ਤੋਂ ਵੱਡੀਆਂ ਹਸਤੀਆਂ ਸ਼ਿਰਕਤ ਕਰਨਗੀਆਂ
ਅਨੰਤ-ਰਾਧਿਕਾ ਦੇ ਵਿਆਹ ਸਮਾਗਮਾਂ ’ਚ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ’ਚ ਅਮਿਤਾਭ ਬੱਚਨ, ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਆਮਿਰ ਖ਼ਾਨ, ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਆਲੀਆ ਭੱਟ ਤੇ ਰਣਬੀਰ ਕਪੂਰ, ਕਰਨ ਜੌਹਰ, ਵਰੁਣ ਧਵਨ, ਸਿਧਾਰਥ ਮਲਹੋਤਰਾ ਤੇ ਸ਼ਰਧਾ ਕਪੂਰ ਵਰਗੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੌਪ ਸਿੰਗਰ ਰਿਹਾਨਾ ਇਸ ਪ੍ਰੀ-ਵੈਡਿੰਗ ਈਵੈਂਟ ’ਚ ਖ਼ਾਸ ਪਰਫਾਰਮੈਂਸ ਦੇਣ ਜਾ ਰਹੀ ਹੈ। ਵੀ. ਆਈ. ਪੀ. ਮਹਿਮਾਨਾਂ ਦੀ ਸੂਚੀ ’ਚ ਮੇਟਾ ਦੇ ਸੀ. ਈ. ਓ. ਮਾਰਕ ਜ਼ੁਕਰਬਰਗ, ਮੋਰਗਨ ਸਟੈਨਲੀ ਦੇ ਸੀ. ਈ. ਓ. ਟੇਡ ਪਿਕ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਡਿਜ਼ਨੀ ਦੇ ਸੀ. ਈ. ਓ. ਬੌਬ ਇਗਰ, ਬਲੈਕਰੌਕ ਦੇ ਸੀ. ਈ. ਓ. ਲੈਰੀ ਫਿੰਕ, ਐਡਨੌਕ ਦੇ ਸੀ. ਈ. ਓ. ਸੁਲਤਾਨ ਅਹਿਮਦ ਅਲ ਜਾਬਰ ਤੇ ਈ. ਐੱਲ. ਰੋਥਸਚਾਈਲਡ ਦੇ ਚੇਅਰਮੈਨ ਲਿਨ ਦੇ ਵੀ ਹਾਜ਼ਰ ਹੋਣ ਦੀ ਸੰਭਾਵਨਾ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News