ਗ੍ਰਾਊਂਡਿਡ ਹੋਈ ਜੈੱਟ ਏਅਰਵੇਜ਼ 2021 ''ਚ ਮੁੜ ਸ਼ੁਰੂ ਕਰ ਸਕਦੀ ਹੈ ਉਡਾਣਾਂ
Monday, Dec 07, 2020 - 07:19 PM (IST)
ਮੁੰਬਈ— ਜੈੱਟ ਏਅਰਵੇਜ਼ ਨੂੰ ਮੁੜ ਖੜ੍ਹੀ ਕਰਨ ਦੀ ਬੋਲੀ ਜਿੱਤਣ ਵਾਲੇ ਸੰਯੁਕਤ ਅਰਬ ਅਮੀਰਾਤ ਦੇ ਕਾਰੋਬਾਰੀ ਮੁਰਾਰੀ ਲਾਲ ਜਲਾਨ ਅਤੇ ਲੰਡਨ ਦੀ ਕੈਲਾਰਕ ਕੈਪੀਟਲ ਦੇ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ 2021 ਦੀਆਂ ਗਰਮੀਆਂ ਤੱਕ ਏਅਰਲਾਈਨ ਦਾ ਸੰਚਾਲਨ ਸ਼ੁਰੂ ਹੋਣ ਦੀ ਉਮੀਦ ਹੈ।
ਮੌਜੂਦਾ ਸਮੇਂ ਇਹ ਸਮੂਹ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਸਣੇ ਐੱਨ. ਸੀ. ਐੱਲ. ਟੀ. ਅਤੇ ਹੋਰ ਰੈਗੂਲੇਟਰੀ ਪ੍ਰਵਾਨਗੀਆਂ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਨਾਲ ਸਲਾਟ ਦੇ ਅਧਿਕਾਰ ਅਤੇ ਦੁਵੱਲੇ ਉਡਾਣਾਂ ਸ਼ੁਰੂ ਕਰਨ ਦੀ ਮੁੜ ਬਹਾਲੀ ਹੋ ਸਕੇ।
ਲੈਣਦਾਰਾਂ ਦੀ ਕਮੇਟੀ (ਸੀ. ਓ. ਸੀ.) ਅਕਤੂਬਰ 'ਚ ਹੀ ਇਸ ਸਮੂਹ ਵੱਲੋਂ ਏਅਰਲਾਈਨ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਚੁੱਕੀ ਹੈ। ਨਕਦੀ ਸੰਕਟ ਕਾਰਨ ਜੈੱਟ ਏਅਰਵੇਜ਼ 17 ਅਪ੍ਰੈਲ 2019 ਨੂੰ ਗ੍ਰਾਊਂਡਿਡ ਹੋ ਗਈ ਸੀ ਅਤੇ ਜੂਨ 2019 ਤੋਂ ਇਹ ਪ੍ਰਸ਼ਾਸਨਿਕ ਕਾਰਵਾਈ 'ਚ ਚਲੀ ਗਈ ਸੀ।
ਏਅਰਲਾਈਨ ਦੇ ਮੁੜ ਗਠਨ ਮੁਤਾਬਕ, ਜੈੱਟ ਏਅਰਵੇਜ਼ ਭਾਰਤ ਅਤੇ ਕੌਮਾਂਤਰੀ ਮਾਰਗਾਂ 'ਤੇ ਫਿਰ ਤੋਂ ਉਡਾਣਾਂ ਸ਼ੁਰੂ ਕਰਨ ਦੀ ਅਧਿਕਾਰਤ ਰੱਖਦੀ ਹੈ। ਸਮੂਹ ਨੇ ਇਕ ਬਿਆਨ 'ਚ ਕਿਹਾ, ''ਜੇਕਰ ਸਭ ਕੁਝ ਯੋਜਨਾ ਮੁਤਾਬਕ ਰਿਹਾ ਅਤੇ ਉਸ ਨੂੰ ਐੱਨ. ਸੀ. ਐੱਲ. ਟੀ. ਅਤੇ ਸਮੇਂ ਸਾਰੀਆਂ ਰੈਗੂਲਟਰੀ ਪ੍ਰਵਾਨਗੀਆਂ ਮਿਲ ਜਾਂਦੀਆਂ ਹਨ ਤਾਂ ਜੈੱਟ ਏਅਰਵੇਜ਼ 2021 ਦੀਆਂ ਗਰਮੀਆਂ ਤੋਂ ਦੁਬਾਰਾ ਆਸਮਾਨ 'ਚ ਉਡਾਰੀ ਭਰ ਸਕੇਗੀ।''