ਮੁਕੇਸ਼ ਅੰਬਾਨੀ ਨੂੰ ਪਛਾੜਨ ਵਾਲੇ ਜੈਕ ਮਾ ਨੂੰ ਮਹਿੰਗਾ ਪਿਆ ਚੀਨ ਸਰਕਾਰ ਨਾਲ ਪੰਗਾ, ਹੱਥੋਂ ਨਿਕਲ ਗਈ ਕੰਪਨੀ

Saturday, Jan 07, 2023 - 02:15 PM (IST)

ਮੁਕੇਸ਼ ਅੰਬਾਨੀ ਨੂੰ ਪਛਾੜਨ ਵਾਲੇ ਜੈਕ ਮਾ ਨੂੰ ਮਹਿੰਗਾ ਪਿਆ ਚੀਨ ਸਰਕਾਰ ਨਾਲ ਪੰਗਾ, ਹੱਥੋਂ ਨਿਕਲ ਗਈ ਕੰਪਨੀ

ਬਿਜ਼ਨੈੱਸ ਡੈਸਕ - ਚੀਨ ਦੇ ਜੈਕ ਮਾ ਇਕ ਸਮੇਂ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਸਨ ਪਰ ਅੱਜ ਉਨ੍ਹਾਂ ਦੀ ਹਾਲਤ ਖਸਤਾ ਹੋ ਗਈ ਹੈ। ਹੁਣ ਉਨ੍ਹਾਂ ਦੇ ਹੱਥੋਂ ਐਂਟ ਗਰੁੱਪ ਵੀ ਨਿਕਲ ਗਿਆ ਹੈ। ਇਸ ਗਰੁੱਪ ਨੂੰ ਜੈਕ ਮਾ ਨੇ ਹੀ ਸਥਾਪਿਤ ਕੀਤਾ ਸੀ ਅਤੇ ਉਨ੍ਹਾਂ ਨੇ ਹੀ ਇਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਸੀ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਸ ਦਿੱਗਜ ਫਿਨਟੇਕ ਕੰਪਨੀ ਨੇ ਕਿਹਾ ਹੈ ਕਿ ਜੈਕ ਮਾ ਦਾ ਹੁਣ ਕੰਪਨੀ 'ਤੇ ਕੰਟਰੋਲ ਨਹੀਂ ਰਿਹਾ ਹੈ। ਉਨ੍ਹਾਂ ਦੇ ਵੋਟਿੰਗ ਰਾਇਟਸ ਵੀ ਬਹੁਤ ਘੱਟ ਕਰ ਦਿੱਤੇ ਗਏ ਹਨ। ਕਦੇ ਐਂਟ ਗਰੁੱਪ 'ਚ ਉਨ੍ਹਾਂ ਦੇ ਕੋਲ 50 ਫੀਸਦੀ ਵੋਟਿੰਗ ਰਾਇਟਸ ਸਨ ਜੋ ਹੁਣ 6.2 ਫੀਸਦੀ ਰਹਿ ਗਏ ਹਨ। ਐਂਟ 'ਚ ਉਨ੍ਹਾਂ ਦੀ ਹਿੱਸੇਦਾਰੀ ਹੁਣ ਸਿਰਫ਼ 10 ਫੀਸਦੀ ਰਹਿ ਗਈ ਹੈ। ਐਂਟ ਗਰੁੱਪ ਚੀਨ ਦੀ ਦਿੱਗਜ ਈ ਕਾਮਰਸ ਕੰਪਨੀ ਅਲੀਬਾਬਾ ਦੀ ਸਹਿਯੋਗੀ ਹੈ। ਜੈਕ ਮਾ ਨੂੰ ਚੀਨ ਦੀ ਸਰਕਾਰ ਨਾਲ ਪੰਗਾ ਲੈਣਾ ਮਹਿੰਗਾ ਪਿਆ।  
ਜੈਕ ਮਾ ਮਾਰਚ 2020 'ਚ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਬਣ ਗਏ ਸਨ ਪਰ ਚੀਨ ਦੀ ਸਰਕਾਰ ਦੇ ਬਾਰੇ 'ਚ ਦਿੱਤੇ ਇਕ ਬਿਆਨ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪਿਛਲੇ ਸਾਲ ਉਸ ਦੀ ਜਾਇਦਾਦ 'ਚ ਕਾਫ਼ੀ ਗਿਰਾਵਟ ਆਈ ਹੈ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ ਜੈਕ ਮਾ ਦੀ ਕੁੱਲ ਜਾਇਦਾਦ ਹੁਣ 34.1 ਅਰਬ ਡਾਲਰ ਰਹਿ ਗਈ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ 'ਚ 34ਵੇਂ ਨੰਬਰ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 86.8 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਏਸ਼ੀਆ 'ਚ ਦੂਜੇ ਅਤੇ ਦੁਨੀਆ 'ਚ ਅੱਠਵੇਂ ਸਥਾਨ 'ਤੇ ਹਨ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 117 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਸਭ ਤੋਂ ਅਮੀਰ ਏਸ਼ੀਆਈ ਹਨ।

ਸਰਕਾਰ ਨਾਲ ਪੰਗਾ ਲੈਣਾ ਪਿਆ ਭਾਰੀ

ਹਾਲ ਹੀ 'ਚ ਖ਼ਬਰ ਆਈ ਸੀ ਕਿ ਜੈਕ ਮਾ ਇਨ੍ਹੀਂ ਦਿਨੀਂ ਜਾਪਾਨ ਦੀ ਰਾਜਧਾਨੀ ਟੋਕੀਓ 'ਚ ਹਨ। ਜੈਕ ਮਾ ਲਗਭਗ ਛੇ ਮਹੀਨਿਆਂ ਤੋਂ ਸੈਂਟਰਲ ਟੋਕੀਓ 'ਚ ਰਹਿ ਰਹੇ ਹਨ। ਸਾਲ 2021 'ਚ ਜਦੋਂ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਦੁਨੀਆ 'ਚ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਜੈਕ ਮਾ ਨੇ ਚੀਨ ਦੇ ਬੈਂਕਾਂ 'ਤੇ ਸ਼ਾਹੂਕਾਰਾਂ ਵਰਗੀ ਮਾਨਸਿਕਤਾ ਰੱਖਣ ਦਾ ਦੋਸ਼ ਲਗਾਇਆ ਸੀ। ਉਦੋਂ ਤੋਂ ਉਨ੍ਹਾਂ ਦੀਆਂ ਕੰਪਨੀਆਂ ਐਂਟ ਅਤੇ ਅਲੀਬਾਬਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਚੀਨ ਐਂਟ ਦੇ 37 ਅਰਬ ਡਾਲਰ ਦਾ ਆਈ.ਪੀ.ਓ ਬੰਦ ਕਰ ਦਿੱਤਾ ਗਿਆ ਸੀ। ਨਾਲ ਹੀ ਅਲੀਬਾਬਾ 'ਤੇ ਵੀ 2.8 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਸੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News