ਨਿਵੇਸ਼ਕ ਸਾਵਧਾਨ : ਬਾਜ਼ਾਰ ’ਚ ਵੱਡੀ ਗਿਰਾਵਟ ਦਾ ਖਦਸ਼ਾ! ਗਲੋਬਲ ਬ੍ਰੋਕਰੇਜ ਨੇ ਨਿਫਟੀ ਦਾ ਟਾਰਗੈੱਟ ਘਟਾ ਕੇ 14,500 ਕੀਤਾ

06/23/2022 11:36:00 AM

ਨਵੀਂ ਦਿੱਲੀ– ਜੇ ਤੁਸੀਂ ਵੀ ਸ਼ੇਅਰ ਬਾਜ਼ਾਰ ’ਚ ਪੈਸੇ ਲਗਾਉਂਦੇ ਹੋ ਤਾਂ ਤੁਹਾਡੇ ਲਈ ਇਕ ਜ਼ਰੂਰੀ ਖਬਰ ਹੈ। ਬਾਜ਼ਾਰ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਭਾਰਤੀ ਸ਼ੇਅਰ ਬਾਜ਼ਾਰ ’ਚ ਇਸ ਸਾਲ ਦੇ ਅਖੀਰ ਤੱਕ ਵੱਡੀ ਗਿਰਾਵਟ ਦਾ ਖਦਸ਼ਾ ਹੈ। ਦਰਅਸਲ ਗਲੋਬਲ ਬ੍ਰੇਕਰੇਜ ਬੋਫਾ ਸਕਿਓਰਿਟੀਜ਼ ਨੇ ਨਿਫਟੀ ਲਈ ਆਪਣੇ ਸਾਲ ਦੇ ਅਖੀਰ ਦੇ ਟਾਰਗੈੱਟ ਨੂੰ 16,000 ਤੋਂ ਘਟਾ ਕੇ 14,500 ਅੰਕ ਕਰ ਦਿੱਤਾ ਹੈ। ਦੱਸ ਦਈਏ ਕਿ ਨਿਫਟੀ ਹਾਲੇ 15,450.80 ਅੰਕਾਂ ’ਤੇ ਟ੍ਰੇਡ ਕਰ ਰਿਹਾ ਹੈ।
ਬ੍ਰੋਕਰੇਜ ਨੇ ਕਿਹਾ ਕਿ ਨੇੜਲੇ ਭਵਿੱਖ ’ਚ ਕੇਂਦਰੀ ਬੈਂਕ ਵਲੋਂ ਵਿਆਜ ਦਰ ’ਚ ਹੋਰ ਜ਼ਿਆਦਾ ਵਾਧਾ ਕੀਤਾ ਜਾ ਸਕਦਾ ਹੈ। ਇਸ ਨਾਲ ਵਿਕਾਸ ’ਚ ਹੌਲੀ ਰਫਤਾਰ ਨਾਲ ਵਾਧਾ ਹੋਵੇਗਾ। ਦੂਜੇ ਪਾਸੇ ਅਮਰੀਕਾ ’ਚ ਮੰਦੀ ਦਾ ਖਦਸ਼ਾ ਹੈ। ਇਨ੍ਹਾਂ ਕਈ ਕਾਰਨਾਂ ਕਰ ਕੇ ਨਿਫਟੀ ’ਚ ਗਿਰਾਵਟ ਦੀ ਸੰਭਾਵਨਾ ਹੈ। ਬੋਫਾ ਦਾ ਮੰਨਣਾ ਹੈ ਕਿ ਗਲੋਬਲ ਮਾਰਕੀਟ ’ਚ ਕੱਚੇ ਤੇਲ ਦੀ ਕੀਮਤ ਉੱਚੀ ਬਣੀ ਰਹੇਗੀ।
ਆਪਣੇ ਹਾਈ ਤੋਂ 16 ਫੀਸਦੀ ਹੇਠਾਂ ਹੈ ਨਿਫਟੀ
ਭੂ-ਸਿਆਸੀ ਤਨਾਅ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਵਿਕਾਸ ’ਚ ਮੰਦੀ ਦੀਆਂ ਚਿੰਤਾਵਾਂ ਅਤੇ ਹਮਲਾਵਰ ਕੇਂਦਰੀ ਬੈਂਕ ਦਰ ਵਾਧੇ ਦੇ ਖਦਸ਼ਿਆਂ ਕਾਰਨ ਵਿਦੇਸ਼ੀ ਨਿਵੇਸ਼ਕਾਂ ਵਲੋਂ ਭਾਰੀ ਨਿਕਾਸੀ ਦਰਮਿਆਨ ਨਿਫਟੀ ਪਿਛਲੇ ਸਾਲ ਅਕਤੂਬਰ ’ਚ ਆਪਣੇ ਹੁਣ ਤੱਕ ਦੇ ਹਾਈ ਲੈਵਲ ਤੋਂ ਲਗਭਗ 16 ਫੀਸਦੀ ਹੇਠਾਂ ਹੈ। ਦੱਸ ਦਈਏ ਕਿ ਨਿਫਟੀ 19 ਅਕਤੂਬਰ 2021 ਨੂੰ 18,604.45 ’ਤੇ ਪਹੁੰਚ ਗਿਆ ਸੀ।
ਰੁਪਏ ’ਚ ਇਤਿਹਾਸਿਕ ਗਿਰਾਵਟ
ਦੱਸ ਦਈਏ ਕਿ ਉਧਰ ਭਾਰਤੀ ਕਰੰਸੀ ਦੀ ਹਾਲਤ ਮਾੜੀ ਹੈ। ਇਕ ਡਾਲਰ ਦੇ ਮੁਕਾਬਲੇ ਰੁਪਇਆ ਪਹਿਲੀ ਵਾਰ 27 ਪੈਸੇ ਦੀ ਗਿਰਾਵਟ ਨਾਲ 78.40 ਰੁਪਏ ਤੱਕ ਡਿਗ ਗਿਆ। ਪਿਛਲੇ ਬੰਦ ਦੇ ਮੁਕਾਬਲੇ ਅੱਜ ਰੁਪਇਆ 78.13 ’ਤੇ ਕਮਜ਼ੋਰ ਖੁੱਲ੍ਹਿਆ ਸੀ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ ’ਚ ਡਾਲਰ ਦੀ ਮਜ਼ਬੂਤੀ ਨਾਲ ਵੀ ਰੁਪਏ ਦੀ ਧਾਰਨਾ ’ਤੇ ਅਸਰ ਪਿਆ। ਹਾਲਾਂਕਿ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਨੇ ਰੁਪਏ ਦੇ ਨੁਕਸਾਨ ਨੂੰ ਸੀਮਤ ਕੀਤਾ।


Aarti dhillon

Content Editor

Related News