ਪੈਟਰੋਲ ਦੀਆਂ ਵਧਦੀਆਂ ਕੀਮਤਾਂ ਲਈ ਕੌਮਾਂਤਰੀ ਕਾਰਕ ਜ਼ਿੰਮੇਵਾਰ : ਐਸੋਚੈਮ

Tuesday, Sep 11, 2018 - 12:40 AM (IST)

ਪੈਟਰੋਲ ਦੀਆਂ ਵਧਦੀਆਂ ਕੀਮਤਾਂ ਲਈ ਕੌਮਾਂਤਰੀ ਕਾਰਕ ਜ਼ਿੰਮੇਵਾਰ : ਐਸੋਚੈਮ

ਹੈਦਰਾਬਾਦ-ਪੈਟਰੋਲ ਅਤੇ ਡੀਜ਼ਲ ਦੀਅਾਂ ਅਾਸਮਾਨ ਛੂੰਹਦੀਆਂ ਕੀਮਤਾਂ ਲਈ ਕੌਮਾਂਤਰੀ ਕਾਰਕ ਜ਼ਿੰਮੇਵਾਰ ਹਨ। ਉਦਯੋਗ ਮੰਡਲ ਐਸੋਚੈਮ ਨੇ ਇਹ ਗੱਲ ਕਹੀ। ਉਸ ਨੇ ਉਮੀਦ ਜਤਾਈ ਹੈ ਕਿ ਈਂਧਨ ’ਤੇ ਟੈਕਸਾਂ ਦੇ ਬੋਝ ਨੂੰ ਘਟਾਇਆ ਜਾ ਸਕਦਾ ਹੈ। ਐਸੋਚੈਮ ਦੇ ਜਨਰਲ ਸਕੱਤਰ ਉਦੇ ਕੁਮਾਰ ਵਰਮਾ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਪੈਟਰੋਲ-ਡੀਜ਼ਲ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਘੇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ। ਹਾਲਾਂਕਿ, ਇਸ ਸਮੇਂ ਇਹ ਸੰਭਵ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਇਸ ਸਮੇਂ ਈਂਧਨ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦੀ ਵਜ੍ਹਾ ਕੌਮਾਂਤਰੀ ਕਾਰਕ ਹਨ। ਇਹ ਉਭਰਦੇ ਹੋਏ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਭਾਰਤ ਵੀ ਇਸ ਤੋਂ ਬਚਿਆ ਨਹੀਂ ਹੈ। ਵਰਮਾ ਨੇ ਕਿਹਾ ਕਿ ਹੋਰ ਪ੍ਰਮੁੱਖ ਵਿਦੇਸ਼ੀ ਕਰੰਸੀਆਂ ਦੇ ਮੁਕਾਬਲੇ ਡਾਲਰ ’ਚ ਮਜ਼ਬੂਤੀ ਨਾਲ ਰੁਪਏ ’ਤੇ ਦਬਾਅ ਪੈ ਰਿਹਾ ਹੈ। ਭਾਰਤ ਕੱਚੇ ਤੇਲ ਦੇ ਸਭ ਤੋਂ ਵੱਡੇ ਦਰਾਮਦਕਾਰਾਂ ’ਚੋਂ ਇਕ ਹੈ। ਜਿਸ ਦੇ ਨਾਤੇ ਰੁਪਏ ਦੀ ਵਟਾਂਦਰਾ ਦਰ ’ਚ ਗਿਰਾਵਟ ਦਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ, ਮਜ਼ਬੂਤ ਕੌਮਾਂਤਰੀ ਰੁਖ਼ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ।  ਉਨ੍ਹਾਂ ਕਿਹਾ, ‘‘ਸਾਨੂੰ ਭਰੋਸਾ ਹੈ ਕਿ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਮਾਮਲੇ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਟੈਕਸ ਬੋਝ ਨੂੰ ਘੱਟ ਕਰਨ ਸਮੇਤ ਹੋਰ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।’’


Related News