ਰੁਪਏ ''ਚ ਗਿਰਾਵਟ ਲਈ ਇੰਡਸਟਰੀ ਤਿਆਰ
Friday, Sep 23, 2022 - 06:25 PM (IST)
ਮੁੰਬਈ- ਅਮਰੀਕੀ ਡਾਲਰ ਦੇ ਮੁਕਾਬਲੇ ਸਥਾਨਕ ਮੁਦਰਾ ਘੱਟ ਕੇ 80 ਰੁਪਏ 'ਤੇ ਪਹੁੰਚਣ ਤੋਂ ਬਾਅਦ ਭਾਰਤੀ ਕੰਪਨੀਆਂ ਇਸ ਤੋਂ ਬਚਣ ਦੀ ਤਿਆਰੀ ਕਰ ਰਹੀਆਂ ਹਨ। ਜਿਨ੍ਹਾਂ ਕੰਪਨੀਆਂ ਦੇ ਕੋਲ ਨਿਰਯਾਤ ਨਾਲ ਹੋਣ ਵਾਲੀ ਆਮਦਨੀ ਵਰਗੇ ਕੁਦਰਤੀ ਬਚਾਅ ਨਹੀਂ ਹਨ, ਉਹ ਫਾਰਵਰਡ ਕਵਰ ਦੀ ਕਵਾਇਦ 'ਚ ਹਨ, ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਇਕ ਸਾਲ ਤੱਕ ਰੁਪਏ 'ਚ ਹੌਲੀ-ਹੌਲੀ ਗਿਰਾਵਟ ਆਵੇਗੀ ਅਤੇ ਇਹ ਡਾਲਰ ਦੇ ਮੁਕਾਬਲੇ 86-87 ਤੱਕ ਪਹੁੰਚ ਜਾਵੇਗਾ।
ਸੀ.ਐੱਫ.ਓ. ਕੰਪਨੀਆਂ ਨੂੰ ਸੁਝਾਅ ਦੇ ਰਹੇ ਹਨ ਕਿ ਛੋਟੇ ਅਤੇ ਮੱਧ ਮਿਆਦ ਦੇ ਹਿਸਾਬ ਨਾਲ ਉਹ ਆਪਣੇ ਖਤਰੇ ਦੇ ਆਧਾਰ 'ਤੇ ਸਹੀ ਤਰ੍ਹਾਂ ਦੇ ਡੇਰਿਵੇਟਿਵ ਉਤਪਾਦ ਲੈਣ। ਇੰਟਰਨੈਸ਼ਨਲ ਫਾਈਨੈਂਸ 'ਤੇ ਚੋਟੀ ਦੀਆਂ ਕੰਪਨੀਆਂ ਦੇ ਇਕ ਸਲਾਹਕਾਰ ਪ੍ਰਬਾਲ ਬੈਨਰਜੀ ਨੇ ਕਿਹਾ ਕਿ ਅਮਰੀਕੀ ਫੈੱਡਰਲ ਰਿਜ਼ਰਵ ਵਲੋਂ ਜਿਵੇਂ ਹੀ ਦਰਾਂ 'ਚ ਵਾਧਾ ਖਤਮ ਕਰ ਦਿੱਤਾ ਜਾਵੇਗਾ ਅਤੇ ਬਾਜ਼ਾਰ ਵਲੋਂ ਛੂਟ ਦਿੱਤੀ ਜਾਵੇਗੀ ਅਤੇ ਇਸ ਨਾਲ ਅੱਗੇ ਰੁਪਏ 'ਚ ਹੋਰ ਗਿਰਾਵਟ ਆਵੇਗੀ।
ਇਸ ਤੋਂ ਇਲਾਵਾ ਭਾਰਤ 'ਚ ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦਾ ਨਕਾਰਾਤਮਕ ਅਸਰ ਰਿਹਾ ਹੈ, ਜਿਸ ਕਾਰਨ ਰੁਪਏ 'ਚ ਗਿਰਾਵਟ ਦਾ ਖਦਸ਼ਾ ਬਹੁਤ ਜ਼ਿਆਦਾ ਹੋਵੇਗਾ ਅਤੇ ਇਸ 'ਤੇ ਦਬਾਅ ਬਣੇਗਾ। ਦਿਲਚਸਪ ਹੈ ਕਿ ਇਸ ਸਾਲ ਜੂਨ 'ਚ ਜਾਰੀ ਭਾਰਤੀ ਰਿਜ਼ਰਵ ਬੈਂਕ ਦੀ ਵਿੱਤੀ ਟਿਕਾਊ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਕੰਪਨੀਆਂ ਵਲੋਂ ਵਿਦੇਸ਼ ਤੋਂ ਲਿਆ ਗਿਆ ਕਰੀਬ 4.4 ਫੀਸਦੀ ਧਨ ਹੇਜਿੰਗ ਵਾਲਾ ਨਹੀਂ ਹੈ, ਅਜਿਹੇ 'ਚ ਰੁਪਏ 'ਚ ਗਿਰਾਵਟ ਨਾਲ ਉਨ੍ਹਾਂ ਦੀ ਦੇਣਦਾਰੀ ਵਧਦੀ ਹੈ।
ਵੱਡੀ ਸੰਖਿਆ 'ਚ ਮੱਧ ਅਤੇ ਛੋਟੀਆਂ ਕੰਪਨੀਆਂ ਫਾਰਵਰਡ ਕਵਰ ਨਹੀਂ ਲੈਂਦੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੀ ਲਾਗਤ ਵਧ ਜਾਂਦੀ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਬਕਾਇਆ ਬਾਹਰੀ ਵਪਾਰਕ ਉਧਾਰ (ਈ.ਸੀ.ਬੀ.) ਦੀ ਕੁੱਲ ਰਾਸ਼ੀ 180 ਅਰਬ ਡਾਲਰ ਦੇ ਕਰੀਬ ਹੈ ਅਤੇ ਇਸ 'ਚੋਂ ਕਰੀਬ 79 ਅਰਬ ਡਾਲਰ ਬਗੈਰ ਹੇਜਿੰਗ ਵਾਲਾ ਕਰਜ਼ ਹੈ। ਈ.ਸੀ.ਬੀ. ਦਾ ਕਰੀਬ 80 ਫੀਸਦੀ ਅਮਰੀਕੀ ਡਾਲਰ 'ਚ ਹੈ, ਜਦਕਿ ਬਾਕੀ ਕਰਜ਼ ਯੂਰੋ ਅਤੇ ਜਾਪਾਨੀ ਯੇਨ 'ਚ ਹੈ।