ਭਾਰਤ ਫਿਰ ਤੋਂ ਬਣੇਗਾ ‘ਸੋਨੇ ਦੀ ਚਿੜੀ’, ਭਾਰਤੀ ਇਕਾਨਮੀ ਦਾ ਦੁਨੀਆ ’ਚ ਹੋਵੇਗਾ ਬੋਲਬਾਲਾ

Monday, Sep 16, 2024 - 11:45 AM (IST)

ਨਵੀਂ ਦਿੱਲੀ (ਅਨਸ) - ਦੁਨੀਆ ’ਚ ਇਕ ਵਾਰ ਫਿਰ ਭਾਰਤੀ ਇਕਾਨਮੀ ਦਾ ਬੋਲਬਾਲਾ ਹੋਵੇਗਾ। ਇਕ ਵਾਰ ਫਿਰ ਭਾਰਤ ‘ਸੋਨੇ ਦੀ ਚਿੜੀ’ ਕਹਾਏਗਾ। ਭਾਰਤ ਦੀ ਡੈਮੋਗ੍ਰਾਫੀ ਆਉਣ ਵਾਲੇ ਸਾਲਾਂ ’ਚ ਦੇਸ਼ ਦੇ ਵਿਕਾਸ ’ਚ ਵੱਡੀ ਭੂਮਿਕਾ ਨਿਭਾਵੇਗੀ। 2045 ਤੱਕ ਦੇਸ਼ ’ਚ ਕਾਮਕਾਜੀ ਲੋਕਾਂ ਦੀ ਗਿਣਤੀ ’ਚ 17.9 ਕਰੋਡ਼ ਦਾ ਵਾਧਾ ਹੋਵੇਗਾ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ ।

ਮੌਜੂਦਾ ਸਮੇਂ ’ਚ ਭਾਰਤ ਦੇ ਕੰਮਕਾਜੀ ਲੋਕਾਂ ਦੀ ਗਿਣਤੀ 96.1 ਕਰੋਡ਼ ਹੈ ਅਤੇ ਬੇਰੋਜ਼ਗਾਰੀ ਦਰ 5 ਸਾਲ ਾਂ ਦੇ ਹੇਠਲੇ ਪੱਧਰ ’ਤੇ ਹੈ। ਕੌਮਾਂਤਰੀ ਨਿਵੇਸ਼ ਫਰਮ ਜੈਫਰੀਜ ਵੱਲੋਂ ਕਿਹਾ ਗਿਆ ਕਿ ਭਾਰਤ ’ਚ ਕੰਮਕਾਜੀ ਲੋਕਾਂ ਦੀ ਗਿਣਤੀ (25 ਤੋਂ 64 ਸਾਲ ਦੀ ਉਮਰ) ’ਚ ਵਾਧਾ ਹੋ ਰਿਹਾ ਹੈ ਅਤੇ ਕੁਲ ਆਬਾਦੀ ਦਾ ਇਕ ਵੱਡਾ ਹਿੱਸਾ ਸੇਵਿੰਗਸ ਅਤੇ ਨਿਵੇਸ਼ ਨੂੰ ਲੈ ਕੇ ਸਾਕਾਰਾਤਮਕ ਹੈ। ਇਹ ਬਦਲਾਅ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣਗੇ।

2030 ਤੱਕ ਕੰਮਕਾਜੀ ਲੋਕਾਂ ਦੀ ਗਿਣਤੀ ’ਚ ਹੋਵੇਗਾ ਵਾਧਾ

ਰਿਪੋਰਟ ’ਚ ਕਿਹਾ ਗਿਆ ਕਿ ਭਾਰਤ ’ਚ ਕੰਮਕਾਜੀ ਲੋਕਾਂ ’ਚ ਔਰਤਾਂ ਦੀ ਗਿਣਤੀ ਵਧ ਰਹੀ ਹੈ, ਜੋ ਲੇਬਰ ਫੋਰਸ ਵਧਣ ਦੀ ਅਹਿਮ ਵਜ੍ਹਾ ਹੈ। ਜੈਫਰੀਜ ਵੱਲੋਂ ਤਾਜ਼ਾ ਨੋਟ ’ਚ ਕਿਹਾ ਗਿਆ ਹੈ ਕਿ ਕੰਮਕਾਜੀ ਲੋਕਾਂ ਦੀ ਗਿਣਤੀ ’ਚ ਵਾਧੇ ’ਚ ਮੱਠਾਪਣ 2030 ਤੋਂ ਆਉਣਾ ਸ਼ੁਰੂ ਹੋ ਜਾਵੇਗਾ। ਅੰਕੜਾ ਮੰਤਰਾਲਾ ਵੱਲੋਂ ਅਗਸਤ ’ਚ ਜਾਰੀ ਕੀਤੇ ਡਾਟੇ ਮੁਤਾਬਕ ਭਾਰਤ ’ਚ ਕਿਰਤ ਬੱਲ ਭਾਗੀਦਾਰੀ ਦਰ (ਐੱਲ. ਐੱਫ. ਪੀ. ਆਰ.) 15 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ’ਚ ਅਪ੍ਰੈਲ-ਜੂਨ ’ਚ ਵਧ ਕੇ 50.1 ਫੀਸਦੀ ਹੋ ਗਈ ਹੈ, ਜੋਕਿ ਅਪ੍ਰੈਲ-ਜੂਨ 2023 ’ਚ 48.8 ਫੀਸਦੀ ਸੀ, ਜੋ ਦਿਖਾਉਂਦਾ ਹੈ ਕਿ ਦੇਸ਼ ’ਚ ਰੋਜ਼ਗਾਰ ’ਚ ਵਾਧਾ ਹੋ ਰਿਹਾ ਹੈ।

ਕੰਮਕਾਜੀ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ

ਇਸ ਸਾਲ ਅਪ੍ਰੈਲ ਤੋਂ ਜੂਨ ਦੀ ਮਿਆਦ ’ਚ 15 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਉਮਰ ਦੀਆਂ ਔਰਤਾਂ ’ਚ ਐੱਲ. ਐੱਫ. ਪੀ. ਆਰ. ਦਰ ਵਧ ਕੇ 25.2 ਫੀਸਦੀ ਹੋ ਗਈ ਹੈ, ਜੋਕਿ 2023 ਦੀ ਇਸੇ ਮਿਆਦ ’ਚ 23.2 ਫੀਸਦੀ ਸੀ। ਆਰ. ਬੀ. ਆਈ. ਦੇ ਡਾਟੇ ਮੁਤਾਬਕ ਪਿਛਲੇ 10 ਸਾਲਾਂ ’ਚ ਦੇਸ਼ ’ਚ ਕਰੀਬ 17 ਕਰੋਡ਼ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ। ਦੇਸ਼ ’ਚ 2023-24 ’ਚ 64.33 ਕਰੋਡ਼ ਲੋਕਾਂ ਕੋਲ ਰੋਜ਼ਗਾਰ ਸੀ। 2014-15 ’ਚ ਇਹ ਅੰਕੜਾ 47.15 ਕਰੋਡ਼ ਸੀ।

ਕਿਉਂ ਚਮਕਦਾ ਸਿਤਾਰਾ ਬਣੇਗਾ ਭਾਰਤ?

ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭਾਰਤ ਦੁਨੀਆ ’ਚ ਅਜੇ ਸਭ ਤੋਂ ਤੇਜ਼ ਰਫਤਾਰ ਨਾਲ ਵਿਕਾਸ ਕਰ ਰਿਹਾ ਹੈ। ਭਾਰਤ ਇਕ ਨੌਜਵਾਨ ਦੇਸ਼ ਹੈ, ਜਿੱਥੇ ਵਰਕਫੋਰਸ ਦੀ ਕੋਈ ਕਮੀ ਨਹੀਂ ਹੈ। ਕੰਮਕਾਜੀ ਔਰਤਾਂ ਦੀ ਵੀ ਹਿੱਸੇਦਾਰੀ ਵੱਧ ਰਹੀ ਹੈ। ਦੇਸ਼ ਦੀ ਵੱਡੀ ਆਬਾਦੀ ਇਸ ਨੂੰ ਵੱਡਾ ਬਾਜ਼ਾਰ ਬਣਾਉਂਦੀ ਹੈ, ਇਸ ਲਈ ਦੁਨੀਆ ਭਰ ਦੀਆਂ ਕੰਪਨੀਆਂਂ ਭਾਰਤ ’ਚ ਨਿਵੇਸ਼ ਵਧਾ ਰਹੀਆਂ ਹਨ।

ਭਾਰਤ ਦੁਨੀਆ ਲਈ ਉਮੀਦ ਦੀ ਨਵੀਂ ਕਿਰਨ ਹੈ। ਇਹ ਕਾਰਨ ਭਾਰਤ ਦੇ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨ ਅਤੇ ਵਿਕਸਿਤ ਰਾਸ਼ਟਰ ਬਣਾਉਣ ’ਚ ਮਦਦ ਕਰਨਗੇ। ਭਾਰਤ ਦੀ ਡੈਮੋਗ੍ਰਾਫੀ ਵੀ ਇਸ ’ਚ ਮਦਦ ਕਰ ਰਹੀ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ’ਚ ਇਕ ਵਾਰ ਫਿਰ ਭਾਰਤ ਦੁਨੀਆ ’ਚ ਚਮਕਦਾ ਸਿਤਾਰਾ ਬਣੇਗਾ।


Harinder Kaur

Content Editor

Related News