ਭਾਰਤ-ਅਮਰੀਕਾ ਵਪਾਰ 140 ਅਰਬ ਡਾਲਰ ਤੱਕ ਪੁੱਜਣ ਦੀ ਸੰਭਾਵਨਾ
Sunday, Feb 04, 2018 - 12:39 AM (IST)
ਵਾਸ਼ਿੰਗਟਨ— ਭਾਰਤ ਅਤੇ ਅਮਰੀਕਾ ਵਿਚਾਲੇ ਦੋ-ਪੱਖੀ ਵਪਾਰ ਸਾਲ 2016 ਦੇ 118 ਅਰਬ ਡਾਲਰ ਤੋਂ ਵਧ ਕੇ 2017 'ਚ 140 ਅਰਬ ਡਾਲਰ ਤੱਕ ਪਹੁੰਚ ਜਾਣ ਦਾ ਅੰਦਾਜ਼ਾ ਹੈ। ਭਾਰਤ-ਅਮਰੀਕਾ ਰਣਨੀਤਿਕ ਅਤੇ ਹਿੱਸੇਦਾਰੀ ਫੋਰਮ (ਯੂ. ਐੱਸ. ਆਈ. ਐੱਸ. ਪੀ. ਐੱਫ.) ਨੇ ਇਹ ਅੰਦਾਜ਼ਾ ਪ੍ਰਗਟਾਇਆ ਹੈ।
ਫੋਰਮ ਨੇ ਕਿਹਾ, ''2016 'ਚ ਭਾਰਤ ਅਮਰੀਕਾ ਦਾ ਨੌਵਾਂ ਸਭ ਤੋਂ ਵੱਡਾ ਵਪਾਰ ਹਿੱਸੇਦਾਰ ਸੀ ਅਤੇ ਉਨ੍ਹਾਂ ਦੇਸ਼ਾਂ 'ਚੋਂ ਇਕ ਪ੍ਰਮੁੱਖ ਦੇਸ਼ ਸੀ, ਜਿਨ੍ਹਾਂ ਦੇ ਨਾਲ ਅਮਰੀਕਾ ਦਾ ਵਪਾਰ ਘਾਟਾ 30 ਅਰਬ ਡਾਲਰ 'ਤੋਂ ਉਪਰ ਸੀ। ਇਹੀ ਸਥਿਤੀ 2017 'ਚ ਵੀ ਬਣੇ ਰਹਿਣ ਦੀ ਉਮੀਦ ਹੈ। ਇਸ ਮੁੱਦੇ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਉੱਚ ਅਧਿਕਾਰੀ ਆਪਣੇ ਭਾਰਤੀ ਹਮ-ਅਹੁਦਾ ਅਧਿਕਾਰੀਆਂ ਦੇ ਸਾਹਮਣੇ ਗੱਲਬਾਤ 'ਚ ਚੁੱਕਦੇ ਰਹੇ ਹਨ। ਯੂ. ਐੱਸ. ਆਈ. ਐੱਸ. ਪੀ. ਐੱਫ. ਦੇ ਪ੍ਰਧਾਨ ਮੁਕੇਸ਼ ਅਘੀ ਨੇ ਕਿਹਾ ਕਿ ਭਾਰਤ ਨੇ ਵਪਾਰ ਘਾਟੇ ਦੇ ਮੁੱਦੇ 'ਤੇ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦਾ ਅਮਰੀਕੀ ਕੰਪਨੀਆਂ ਦੇ ਕੋਲ ਹਜ਼ਾਰਾਂ ਜਹਾਜ਼ਾਂ ਦਾ ਆਰਡਰ ਹੈ। ਇਸ ਨਾਲ ਵਪਾਰ ਅਸੰਤੁਲਨ ਦੂਰ ਹੋਣਾ ਸ਼ੁਰੂ ਹੋ ਜਾਵੇਗਾ।
