AI ਸੈਕਟਰ ਲਈ ਨਵਾਂ ਹੱਬ ਬਣੇਗਾ ਭਾਰਤ: PM ਮੋਦੀ

Friday, Jun 05, 2026 - 11:11 PM (IST)

AI ਸੈਕਟਰ ਲਈ ਨਵਾਂ ਹੱਬ ਬਣੇਗਾ ਭਾਰਤ: PM ਮੋਦੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਏ. ਆਈ. ਸੈਕਟਰ ਲਈ ਨਵਾਂ ਹੱਬ ਬਣੇਗਾ। ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦਾ ਭਾਰਤ ਦੀ ਡਿਜੀਟਲ ਅਰਥਵਿਵਸਥਾ ’ਚ ਭਰੋਸਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਸ਼ੁੱਕਰਵਾਰ ਇੱਥੇ ਕਿਹਾ ਕਿ ਭਾਰਤ ਦੀ ਡਿਜੀਟਲ ਬੁਨਿਆਦੀ ਢਾਂਚਾ ਯਾਤਰਾ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਵਿਸ਼ਵ ਪੱਧਰੀ ਕੰਪਨੀਆਂ ਹੁਣ ਭਾਰਤ ਨੂੰ ਭਵਿੱਖ ਦੇ ਇਕ ਪ੍ਰਮੁੱਖ ਤਕਨਾਲੋਜੀ ਹੱਬ ਵਜੋਂ ਵੇਖ ਰਹੀਆਂ ਹਨ।

ਇਸ ਸਬੰਧ ’ਚ ਏਅਰਟ੍ਰੰਕ ਨੇ ਭਾਰਤ ’ਚ ਲੱਗਭਗ 3 ਲੱਖ ਕਰੋੜ ਰੁਪਏ ਦੀ ਵੱਡੀ ਰਕਮ ਦਾ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਕੰਪਨੀ ਦੇਸ਼ ’ਚ 5 ਗੀਗਾਵਾਟ ਡਾਟਾ ਸੈਂਟਰ ਸਮਰੱਥਾ ਵਿਕਸਤ ਕਰੇਗੀ। ਇਸ ਨੂੰ ਭਾਰਤ ਦੇ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ’ਚ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਸਤਾਵਿਤ ਨਿਵੇਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ।

ਮੋਦੀ ਨੇ ਕਿਹਾ ਕਿ ਇਹ ਨਿਵੇਸ਼ ਭਾਰਤ ਨੂੰ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਲਈ ਇਕ ਗਲੋਬਲ ਹੱਬ ਵਜੋਂ ਮਜ਼ਬੂਤ ​​ਕਰੇਗਾ। ਇੰਨਾ ਵੱਡਾ ਨਿਵੇਸ਼ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ ਤੇ ਸਥਾਨਕ ਸਪਲਾਈ ਚੇਨਾਂ ਨੂੰ ਮਜ਼ਬੂਤ ​​ਕਰੇਗਾ। ਭਾਰਤ ਤੇਜ਼ੀ ਨਾਲ ਦੁਨੀਆ ਦੀ ਡਿਜੀਟਲ ਅਰਥਵਿਵਸਥਾ ਲਈ ਅਹਿਮ ਹੱਬ ਬਣ ਰਿਹਾ ਹੈ। ਭਵਿੱਖ ਦੀ ਡਿਜੀਟਲ ਦੁਨੀਆ ਦਾ ਰੂਪ ਹੁਣ ਭਾਰਤ ’ਚ ਨਿਰਧਾਰਤ ਕੀਤਾ ਜਾ ਰਿਹਾ ਹੈ। ਮੋਦੀ ਨੇ ਇਸ ਨੂੰ ਦੇਸ਼ ਦੀ ਡਿਜੀਟਲ ਤਾਕਤ ਤੇ ਸਥਿਰ ਨੀਤੀਆਂ ਦਾ ਇਕ ਵੱਡਾ ਸੰਕੇਤ ਦੱਸਿਆ।

ਭਾਰਤ ਦੀ ਡਿਜੀਟਲ ਅਰਥਵਿਵਸਥਾ ਲਈ ਇਹ ਨਿਵੇਸ਼ ਕਿੰਨਾ ਅਹਿਮ ਹੈ?
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਿਛਲੇ ਕੁਝ ਸਾਲਾਂ ’ਚ ਡਿਜੀਟਲ ਇੰਡੀਆ, 5 ਜੀ, ਏ. ਆਈ. ਤੇ ਕਲਾਊਡ ਤਕਨਾਲੋਜੀ ’ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਏਅਰਟ੍ਰੰਕ ਵੱਲੋਂ ਕੀਤਾ ਗਿਆ ਇਹ ਵੱਡਾ ਨਿਵੇਸ਼ ਦਰਸਾਉਂਦਾ ਹੈ ਕਿ ਗਲੋਬਲ ਕੰਪਨੀਆਂ ਭਾਰਤ ਨੂੰ ਲੰਬੇ ਸਮੇਂ ਲਈ ਇਕ ਭਰੋਸੇਯੋਗ ਡਿਜੀਟਲ ਬਾਜ਼ਾਰ ਮੰਨ ਰਹੀਆਂ ਹਨ।

ਇਹ ਭਾਰਤ ਦੀ ਗਲੋਬਲ ਤਕਨੀਕੀ ਤਾਕਤ ਨੂੰ ਹੋਰ ਮਜ਼ਬੂਤ ​​ਕਰੇਗਾ। ਇਸ ਤੋਂ ਇਲਾਵਾ ਆਉਣ ਵਾਲੇ ਸਾਲਾਂ ’ਚ ਦੇਸ਼ ਡਿਜੀਟਲ ਬੁਨਿਆਦੀ ਢਾਂਚੇ ਤੇ ਏ. ਆਈ. ’ਚ ਦੁਨੀਆ ਦੇ ਪ੍ਰਮੁੱਖ ਕੇਂਦਰਾਂ ’ਚੋਂ ਇਕ ਬਣ ਸਕਦਾ ਹੈ।

ਲੋਕ ਕਾਂਗਰਸ ਤੋਂ ਨਾਰਾਜ਼, ਇਸ ਲਈ ਕਰਨਾਟਕ ਦਾ ਮੁੱਖ ਮੰਤਰੀ ਬਦਲਿਆ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ 12 ਸਾਲਾਂ ਤੋਂ ਅਰਾਜਕਤਾ ਤੇ ਗੈਰ-ਯਕੀਨੀ ਫੈਲਾਅ ਰਹੀ ਹੈ। ਕਰਨਾਟਕ ਦੇ ਲੋਕ ਵੀ ਕਾਂਗਰਸ ਦੀਆਂ ਨਾਂਹਪੱਖੀ ਕਾਰਵਾਈਆਂ ਤੋਂ ਨਾਰਾਜ਼ ਹਨ। ਇਸੇ ਕਰ ਕੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਬਦਲਣਾ ਪਿਆ। ਦੂਜਿਆਂ ’ਤੇ ਨਿਰਭਰ ਦੇਸ਼ ਵਿਕਾਸ ਨਹੀਂ ਕਰਦੇ। ਅੱਜ ਦੇਸ਼ ’ਚ ਕੁਝ ਨਿਰਾਸ਼ਾਵਾਦੀ ਲੋਕ ਹਨ ਜਿਨ੍ਹਾਂ ਨੇ ਦੇਸ਼ ਨੂੰ ਦੂਜਿਆਂ ’ਤੇ ਨਿਰਭਰ ਰੱਖਿਆ ਹੈ। ਅੱਜ ਉਹ ਸਵੈ-ਨਿਰਭਰ ਭਾਰਤ ਦਾ ਮਜ਼ਾਕ ਉਡਾ ਰਹੇ ਹਨ।


author

Inder Prajapati

Content Editor

Related News