ਸਤੰਬਰ ਤਿਮਾਹੀ 'ਚ GDP 'ਚ ਗਿਰਾਵਟ 'ਚ ਪਹਿਲੇ 'ਤੇ UK, ਦੂਜੇ 'ਤੇ ਹੈ ਭਾਰਤ
Saturday, Nov 28, 2020 - 07:00 PM (IST)
ਨਵੀਂ ਦਿੱਲੀ— ਕੋਰੋਨਾ ਸੰਕਟ ਦੀ ਮਾਰ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੀ ਜੀ. ਡੀ. ਪੀ. 'ਤੇ ਲਗਾਤਾਰ ਦੂਜੀ ਤਿਮਾਹੀ 'ਚ ਵੀ ਪਈ ਹੈ। ਜੁਲਾਈ-ਸਤੰਬਰ ਤਿਮਾਹੀ ਦੌਰਾਨ ਪ੍ਰਮੁੱਖ ਅਰਥਵਿਵਸਥਾਵਾਂ 'ਚ ਭਾਰਤ ਦਾ ਦੂਜਾ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ। ਉੱਥੇ ਹੀ ਬ੍ਰਿਟੇਨ ਪਹਿਲੇ ਨੰਬਰ 'ਤੇ ਹੈ। ਸਤੰਬਰ ਤਿਮਾਹੀ ਦੌਰਾਨ ਭਾਰਤ ਦੀ ਜੀ. ਡੀ. ਪੀ. 7.5 ਫੀਸਦੀ ਡਿਗ ਗਈ, ਹਾਲਾਂਕਿ ਜੂਨ ਤਿਮਾਹੀ 'ਚ 23.9 ਫੀਸਦੀ ਦੀ ਗਿਰਾਵਟ ਤੋਂ ਇਹ ਬਿਹਤਰ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਨੂੰ ਛੱਡ ਕੇ ਹੋਰ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਨਾਲ ਸੰਘਰਸ਼ ਕਰਦੀਆਂ ਰਹੀਆਂ। 2020 ਦੀ ਜੁਲਾਈ-ਸਤੰਬਰ ਤਿਮਾਹੀ 'ਚ ਚੀਨ ਦੀ ਅਰਥਵਿਵਸਥਾ 'ਚ ਪਿਛਲੀ ਤਿਮਾਹੀ ਦੇ 3.2 ਫੀਸਦੀ ਦੀ ਤੁਲਨਾ 'ਚ 4.9 ਫੀਸਦੀ ਦਾ ਵਾਧਾ ਹੋਇਆ। ਹੋਰ ਪ੍ਰਮੁੱਖ ਅਰਥਵਿਵਸਥਾਵਾਂ ਦਾ ਦੂਜੀ ਤਿਮਾਹੀ ਕੁਝ ਅਜਿਹਾ ਹਾਲ ਰਿਹਾ।
ਬ੍ਰਿਟੇਨ
ਦੂਜੀ ਤਿਮਾਹੀ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਬ੍ਰਿਟੇਨ ਦਾ ਰਿਹਾ। ਪ੍ਰਮੁੱਖ ਅਰਥਵਿਵਸਥਾਵਾਂ 'ਚੋਂ ਇਕ ਯੂ. ਕੇ. (ਯੂਨਾਈਟਿਡ ਕਿੰਗਡਮ) ਦੀ ਜੀ. ਡੀ. ਪੀ. ਵਿਚ ਇਸ ਦੌਰਾਨ 9.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਯੂ. ਕੇ. ਲਗਾਤਾਰ ਤੀਜੀ ਤਿਮਾਹੀ 'ਚ ਗਿਰਾਵਟ ਦੇ ਨਾਲ ਮੰਦੀ ਦੇ ਦਰਮਿਆਨ ਹੈ। 2020 ਦੀ ਅਪ੍ਰੈਲ-ਜੂਨ ਤਿਮਾਹੀ 'ਚ ਬ੍ਰਿਟਿਸ਼ ਅਰਥਵਿਵਸਥਾ ਨੂੰ 21.7 ਫੀਸਦੀ ਦੀ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰਨਾ ਪਿਆ।
ਜਾਪਾਨ
ਜੁਲਾਈ-ਸਤੰਬਰ ਦੀ ਮਿਆਦ 'ਚ ਜਾਪਾਨੀ ਅਰਥਵਿਵਸਥਾ 'ਚ ਗਿਰਾਵਟ 5.8 ਫੀਸਦੀ 'ਤੇ ਪਹੁੰਚ ਗਈ। 1980 ਦੇ ਕੌਮਾਂਤਰੀ ਵਿੱਤੀ ਸੰਕਟ ਤੋਂ ਬਾਅਦ ਅਪ੍ਰੈਲ-ਜੂਨ ਤਿਮਾਹੀ'ਚ ਜਾਪਾਨ ਦੀ ਅਰਥਵਿਵਸਥਾ 'ਚ ਰਿਕਾਰਡ 9.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਇਟਲੀ
ਇਟਲੀ ਦੀ ਜੀ. ਡੀ. ਪੀ. 'ਚ ਦੂਜੀ ਤਿਮਾਹੀ 'ਚ 4.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੇ 2020 ਦੀ ਅਪ੍ਰੈਲ-ਜੂਨ ਤਿਮਾਹੀ ਦੀ ਗੱਲ ਕਰੀਏ ਤਾਂ ਇਸ ਦੀ ਜੀ. ਡੀ. ਪੀ. 1995 ਦੀ ਪਹਿਲੀ ਤਿਮਾਹੀ ਤੋਂ ਬਾਅਦ ਸਭ ਤੋਂ ਘੱਟ ਸੀ। ਰਿਕਾਰਡ ਗਿਰਾਵਟ ਦੇ ਨਾਲ ਇਟਲੀ ਦੀ ਜੀ. ਡੀ. ਪੀ. ਪਹਿਲੀ ਤਿਮਾਹੀ 'ਚ 17.7 ਫੀਸਦੀ ਸੀ।
ਫਰਾਂਸ
2020 ਦੀ ਜੁਲਾਈ-ਸਤੰਬਰ ਤਿਮਾਹੀ 'ਚ ਫਰਾਂਸ ਦੀ ਜੀ. ਡੀ. ਪੀ. 4.3 ਫ਼ੀਸਦੀ ਡਿੱਗ ਗਈ। ਪਿਛਲੀ ਤਿਮਾਹੀ 'ਚ ਇਹ 18.9 ਫ਼ੀਸਦੀ ਡਿੱਗੀ ਸੀ।
ਜਰਮਨੀ
ਪਿਛਲੀ ਤਿਮਾਹੀ 'ਚ ਜਰਮਨੀ ਦੀ ਜੀ. ਡੀ. ਪੀ. 'ਚ 11.3 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉੱਥੇ ਹੀ, ਦੂਜੀ ਤਿਮਾਹੀ 'ਚ ਜਰਮਨੀ ਨੇ 4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ।
ਅਮਰੀਕਾ
ਅਪ੍ਰੈਲ-ਜੂਨ ਤਿਮਾਹੀ 'ਚ ਅਮਰੀਕਾ ਦੀ ਜੀ. ਡੀ. ਪੀ. 'ਚ 9.1 ਫ਼ੀਸਦੀ ਦੀ ਗਿਰਾਵਟ ਆਈ ਸੀ। ਉੱਥੇ ਹੀ, ਸਤੰਬਰ ਤਿਮਾਹੀ 'ਚ ਅਮਰੀਕਾ ਦੀ ਜੀ. ਡੀ. ਪੀ. 2.9 ਫ਼ੀਸਦੀ ਡਿੱਗੀ। 2020 ਦੀ ਸਤੰਬਰ ਤਿਮਾਹੀ 'ਚ ਅਮਰੀਕਾ ਦੀ ਰੀਅਲ ਜੀ. ਡੀ. ਪੀ. 33.1 ਫ਼ੀਸਦੀ (ਤਿਮਾਹੀ ਦਰ 7.4 ਫ਼ੀਸਦੀ) ਦੀ ਸਾਲਾਨਾ ਦਰ ਨਾਲ ਵਧੀ ਹੈ।