ਪਿਊਸ਼ ਗੋਇਲ ਦਾ ਦਾਅਵਾ: 2025 ਤੱਕ ਹਾਸਲ ਕਰ ਲਵਾਂਗੇ 5000 ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ

01/09/2021 4:25:15 PM

ਨਵੀਂ ਦਿੱਲੀ (ਭਾਸ਼ਾ) – ਭਾਰਤ 2025 ਤੱਕ 5,000 ਅਰਬ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਨੂੰ ਹਾਸਲ ਕਰਨ ਲਈ ਆਪਣੇ ਸਮੁੱਚੇ ਈਕੋਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਗੋਇਲ ਨੇ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 5000 ਅਰਬ ਡਾਲਰ ਦੀ ਅਰਥਵਿਵਸਥਾ ਪ੍ਰਧਾਨ ਮੰਤਰ ਨਰਿੰਦਰ ਮੋਦੀ ਦਾ ਸੁਪਨਾ ਹੈ। ਅਸੀਂ ਤੇਜ਼ ਸਰੰਚਨਾਤਮਕ ਸੁਧਾਰਾਂ ਨਾਲ ਇਸ ਟੀਚੇ ਨੂੰ ਹਾਸਲ ਕਰਾਂਗੇ।

ਗੋਇਲ ਨੇ ਕਿਹਾ ਕਿ ਅਸੀਂ ਆਪਣੀ ਗੁਣਵੱਤਾ, ਉਤਪਾਦਕਤਾ, ਕੁਸ਼ਲਤਾ ’ਚ ਸੁਧਾਰ ਲਈ ਨਾਲ-ਨਾਲ ਕੰਮ ਕਰ ਰਹੇ ਹਾਂ। ਇਸ ਨਾਲ ਭਾਰਤੀ ਉਦਯੋਗ ਸਾਡੀ ਬਰਾਮਦ ਦਾ ਵਿਸਥਾਰ ਕਰ ਸਕੇਗਾ। ਇਹ ਅਸਲ ’ਚ ਵੱਡਾ, ਬਿਹਤਰ ਅਤੇ ਵਿਆਪਕ ਹੋ ਸਕੇਗਾ। ਮੰਤਰੀ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਭਾਰਤੀ ਉਤਪਾਦਾਂ ਦੀ ਪਹੁੰਚ ਵਧਾਉਣ ਲਈ ਹਮਲਾਵਰ ਤਰੀਕੇ ਨਾਲ ਨਵੇਂ ਬਾਜ਼ਾਰਾਂ ’ਚ ਸੰਭਾਵਨਾਵਾਂ ਲੱਭੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਵਿਦੇਸ਼ ’ਚ ਰਹਿਣ ਵਾਲੇ ਭਾਰਤੀਆਂ ਨੂੰ ਖਪਤਕਾਰ ਬਾਜ਼ਾਰ ਦੀ ਵਧੇਰੇ ਸਮਝ ਹੈ। ਉਹ ਖਪਤਕਾਰ ਦੇ ਵਰਤਾਓ ਨੂੰ ਡੂੰਘਾਈ ਨਾਲ ਸਮਝਦੇ ਹਨ ਅਤੇ ਭਾਰਤੀ ਉਦਯੋਗ ਨੂੰ ਵਿਦੇਸ਼ੀ ਬਾਜ਼ਾਰਾਂ ਮੁਤਾਬਕ ਉਤਪਾਦ ਦਾ ਵਿਕਾਸ ਕਰਨ ’ਚ ਮਦਦ ਕਰ ਸਕਦੇ ਹਨ। ਮੰਤਰੀ ਨੇ ਕਿਹਾ ਕਿ ਕੋਵਿਡ-19 ਨਾਲ ਪੈਦਾ ਹੋਈਆਂ ਪ੍ਰੇਸ਼ਾਨੀਆਂ ਤੋਂ ਬਾਅਦ ਸਾਰਿਆਂ ਨੂੰ ਸਮਝ ਆ ਗਿਆ ਹੈ ਕਿ ਕੁਝ ਵੱਡਾ ਕਰਨ ਦਾ ਹੌਂਸਲਾ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਕੌਮਾਂਤਰੀ ਪੱਧਰ ’ਤੇ ਅਗਵਾਈ ਕਰਨ ਦੀ ਆਪਣੀ ਸਮਰੱਥਾ ਗੁਆ ਦਿਓਗੇ। ਇਹੀ ਆਤਮ ਨਿਰਭਰ ਭਾਰਤ ਦਾ ਸਿਧਾਂਤ ਹੈ। ਇਹ ਆਪਣੇ ਦਰਵਾਜ਼ੇ ਬੰਦ ਕਰਨਾ ਨਹੀਂ ਸਗੋਂ ਆਪਣੇ ਦਰਵਾਜ਼ੇ ਨੂੰ ਹੋਰ ਵੱਧ ਖੋਲ੍ਹਣਾ ਹੈ। ਇਸ ਨਾਲ ਭਾਰਤ ਆਪਣੀ ਸਮਰੱਥਾ ਅਤੇ ਕੁਸ਼ਲਤਾ ਦਾ ਨਿਰਮਾਣ ਕਰ ਸਕੇਗਾ ਅਤੇ ਆਪਣੀ ਰਫਤਾਰ, ਹੁਨਰ ਅਤੇ ਪੱਧਰ ਨਾਲ ਜੁਝਾਰੂ ਬਣ ਸਕੇਗਾ। ਗੋਇਲ ਨੇ ਕਿਹਾ ਕਿ ਤੇਜ਼ ਸਰੰਚਨਾਤਮਕ ਸੁਧਾਰਾਂ ਨਾਲ ਭਾਰਤ ਆਪਣੇ ਪੂਰੇ ਈਕੋਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ ਤਾਂ ਕਿ 2025 ਤੱਕ ਪ੍ਰਧਾਨ ਮੰਤਰੀ ਦੇ 5,000 ਅਰਬ ਡਾਲਰ ਦੀ ਅਰਥਵਿਵਸਥਾ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।


cherry

Content Editor

Related News