ਗੁੱਡ ਨਿਊਜ਼! ਡਾਕ ਵਿਭਾਗ ਨੇ ਲਾਂਚ ਕੀਤੀ ਮੋਬਾਇਲ ਬੈਂਕਿੰਗ ਸੁਵਿਧਾ

10/15/2019 3:44:44 PM

ਨਵੀਂ ਦਿੱਲੀ— ਡਾਕਘਰ 'ਚ ਬਚਤ ਖਾਤਾ ਹੈ ਤਾਂ ਹੁਣ ਇਸ ਨੂੰ ਇਸਤੇਮਾਲ ਕਰਨਾ ਹੋਰ ਵੀ ਸੌਖਾ ਹੋ ਗਿਆ ਹੈ। ਡਾਕ ਵਿਭਾਗ ਨੇ ਇਕ ਸਰਕੂਲਰ ਜਾਰੀ ਕੀਤਾ ਹੈ, ਜਿਸ 'ਚ ਉਸ ਨੇ ਕਿਹਾ ਹੈ ਕਿ ਉਸ ਨੇ ਆਪਣੇ ਬਚਤ ਖਾਤੇ ਦੇ ਗਾਹਕਾਂ ਲਈ ਮੋਬਾਈਲ ਬੈਂਕਿੰਗ ਸਰਵਿਸ ਸ਼ੁਰੂ ਕਰ ਦਿੱਤੀ ਹੈ। ਸਾਰੇ ਡਾਕਘਰ ਬਚਤ ਖਾਤਾ ਧਾਰਕਾਂ ਲਈ ਇਹ ਸਹੂਲਤ 15 ਅਕਤੂਬਰ ਤੋਂ ਉਪਲੱਬਧ ਹੋ ਗਈ ਹੈ।

ਹੁਣ ਇਸ ਸੁਵਿਧਾ ਨਾਲ ਨਾ ਸਿਰਫ ਤੁਸੀਂ ਡਾਕਘਰ ’ਚ ਪਾਪੁਲਰ ਸਕੀਮਾਂ ਜਿਵੇਂ ਪੀ. ਪੀ. ਐੱਫ. ਦਾ ਬੈਲੰਸ ਦੇਖ ਸਕਦੇ ਹੋ ਸਗੋਂ ਬਚਤ ਖਾਤੇ ’ਚੋਂ ਫੰਡ ਵੀ ਪੀ. ਪੀ. ਐੱਫ. ਜਾਂ RD ’ਚ ਟਰਾਂਸਫਰ ਕਰ ਸਕੋਗੇ। ਮੋਬਾਇਲ ਬੈਂਕਿੰਗ ਦੀ ਸਹੂਲਤ ਪਹਿਲਾਂ ਹੀ 'ਇੰਡੀਆ ਪੋਸਟ ਪੇਮੈਂਟ ਬੈਂਕ' ਦੇ ਬਚਤ ਖਾਤਿਆਂ ’ਤੇ ਉਪਲੱਬਧ ਸੀ, ਜਦੋਂ ਕਿ ਹੁਣ ਡਾਕਘਾਰ ਦੇ ਬਚਤ ਖਾਤਿਆਂ ’ਤੇ ਵੀ ਇਹ ਸਹੂਲਤ ਦੇ ਦਿੱਤੀ ਗਈ ਹੈ।


ਡਾਕਘਰ ਬਚਤ ਖਾਤਾ ਧਾਰਕ ਮੋਬਾਇਲ ਬੈਂਕਿੰਗ ਸੁਵਿਧਾ ਲਈ ਕਿਸੇ ਵੀ ਡਾਕਘਰ ਦੀ ਬਰਾਂਚ 'ਚ ਅਪਲਾਈ ਕਰ ਸਕਦੇ ਹਨ, ਜਿੱਥੇ ਬੈਂਕਿੰਗ ਸਹੂਲਤਾਂ ਉਪਲੱਬਧ ਹਨ। ਇਸ ਲਈ ਉਨ੍ਹਾਂ ਨੂੰ ਇਕ ਫਾਰਮ ਭਰਨਾ ਹੋਵੇਗਾ, ਜੋ ਡਾਕਘਰ 'ਚ ਹੀ ਮਿਲੇਗਾ। ਇਸ ਦੇ ਨਾਲ ਹੀ ਜੋ ਖਾਤਾ ਧਾਰਕ ਇਸ ਲਈ ਅਰਜ਼ੀ ਦੇ ਰਿਹਾ ਹੈ ਉਸ ਦੇ ਖਾਤੇ ਦੀ KYC ਪੂਰੀ ਹੋਣਾ ਲਾਜ਼ਮੀ ਹੈ। ਜੇਕਰ ਕਿਸੇ ਦੀ KYC ਪੂਰੀ ਨਹੀਂ ਹੈ ਤਾਂ ਉਸ ਨੂੰ ਪਹਿਲਾਂ ਪਛਾਣ ਸਬੂਤਾਂ ਦੀ ਕਾਪੀ ਦੇ ਕੇ ਇਸ ਨੂੰ ਕਰਵਾਉਣਾ ਹੋਵੇਗਾ।
ਇਸ ਤੋਂ ਇਲਾਵਾ ਮੋਬਾਇਲ ਬੈਂਕਿੰਗ ਸੁਵਿਧਾ ਲਈ ਖਾਤਾ ਧਾਰਕ ਉਸ ਡਾਕਘਰ 'ਚ ਹੀ ਅਪਲਾਈ ਕਰ ਸਕਦਾ ਹੈ, ਜਿੱਥੇ ਉਸ ਦਾ ਬਚਤ ਖਾਤਾ ਹੈ ਅਤੇ ਨਾਲ ਮੋਬਾਇਲ ਨੰਬਰ ਵੀ ਰਜਿਸਟਰ ਕਰਵਾਉਣਾ ਹੋਵੇਗਾ। ਡਾਕਘਰ ਦੀ ਬਰਾਂਚ 'ਚ ਫਾਰਮ ਜਮ੍ਹਾਂ ਹੋ ਜਾਣ ਤੋਂ ਬਾਅਦ ਤੁਹਾਡੀ ਮੋਬਾਈਲ ਬੈਂਕਿੰਗ ਸਹੂਲਤ 24 ਘੰਟੇ ਮਗਰੋਂ ਚਾਲੂ ਹੋ ਜਾਵੇਗੀ। ਕਿਸੇ ਨੂੰ ਫੰਡ ਟਰਾਂਸਫਰ ਕਰਨ ਜਾਂ ਨਵਾਂ ਨਿਵੇਸ਼ ਸ਼ੁਰੂ ਕਰਨ ਲਈ 'ਪੋਸਟ ਆਫਿਸ ਮੋਬਾਈਲ ਬੈਂਕਿੰਗ' ਐਪ ਡਾਊਨਲੋਡ ਕਰਨ ਦੀ ਜ਼ਰੂਰਤ ਹੋਵੇਗੀ।


Related News