IMD ਪ੍ਰਤੀਯੋਗਤਾ ਸੂਚਕ ਅੰਕ ’ਚ ਭਾਰਤ ਨੇ ਲਗਾਈ 6 ਸਥਾਨਾਂ ਦੀ ਛਲਾਂਗ
Thursday, Jun 16, 2022 - 12:59 PM (IST)
ਨਵੀਂ ਦਿੱਲੀ (ਭਾਸ਼ਾ) – ਇੰਸਟੀਚਿਊਟ ਫਾਰ ਮੈਨੇਜਮੈਂਟ ਡਿਵੈੱਲਪਮੈਂਟ (ਆਈ. ਐੱਮ. ਡੀ.) ਦੇ ਸਾਲਾਨਾ ਵਿਸ਼ਵ ਪ੍ਰਤੀਯੋਗਤਾ ਸੂਚਕ ਅੰਕ ਵਿਚ ਭਾਰਤ ਨੇ ਏਸ਼ੀਆਈ ਅਰਥਵਿਵਸਥਾਵਾਂ ’ਚ ਸਭ ਤੋਂ ਤੇਜ਼ ਸੁਧਾਰ ਨਾਲ 6 ਸਥਾਨ ਦੀ ਛਲਾਂਗ ਲਗਾਈ ਹੈ। ਸੂਚਕ ਅੰਕ ’ਚ ਭਾਰਤ 43ਵੇਂ ਤੋਂ 37ਵੇਂ ਸਥਾਨ ’ਤੇ ਆ ਗਿਆ ਹੈ। ਮੁੱਖ ਤੌਰ ’ਤੇ ਆਰਥਿਕ ਮੋਰਚੇ ’ਤੇ ਪ੍ਰਦਰਸ਼ਨ ’ਚ ਸੁਧਾਰ ਨਾਲ ਮੁਕਾਬਲੇਬਾਜ਼ੀ ਦੇ ਮਾਮਲੇ ’ਚ ਭਾਰਤ ਦੀ ਸਥਿਤੀ ’ਚ ਸੁਧਾਰ ਹੋਇਆ ਹੈ। ਬਿਹਤਰ ਪ੍ਰਦਰਸ਼ਨ ਕਰਨ ਵਾਲੀਆਂ ਏਸ਼ੀਆਈ ਅਰਥਵਿਵਸਥਾਵਾਂ ’ਚ ਸਿੰਗਾਪੁਰ ਤੀਜੇ, ਹਾਂਗਕਾਂਗ 5ਵੇਂ, ਤਾਈਵਾਨ 7ਵੇਂ, ਚੀਨ 17ਵੇਂ ਅਤੇ ਆਸਟ੍ਰੇਲੀਆ 19ਵੇਂ ਸਥਾਨ ’ਤੇ ਹੈ।
ਇਕ ਗਲੋਬਲ ਅਧਿਐਨ ਮੁਤਾਬਕ 63 ਦੇਸ਼ਾਂ ਦੀ ਸੂਚੀ ’ਚ ਡੈੱਨਮਾਰਕ ਚੋਟੀ ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਇਹ ਤੀਜੇ ਸਥਾਨ ’ਤੇ ਸੀ, ਜਦ ਕਿ ਸਵਿਟਜਰਲੈਂਡ ਪਹਿਲੇ ਤੋਂ ਦੂਜੇ ਸਥਾਨ ’ਤੇ ਖਿਸਕ ਗਿਆ ਹੈ। ਉੱਥੇ ਹੀ ਸਿੰਗਾਪੁਰ 5ਵੇਂ ਤੋਂ ਤੀਜੇਸਥਾਨ ’ਤੇ ਆ ਗਿਆ ਹੈ। ਸੂਚਕ ਅੰਕ ’ਚ ਟੌਪ10 ਦੇਸ਼ਾਂ ’ਚ ਸਵੀਡਨ ਚੌਥੇ, ਹਾਂਗਕਾਂਗ ਐੱਸ. ਏ. ਆਰ. 5ਵੇਂ, ਨੀਦਰਲੈਂਡ ਛੇਵੇਂ, ਤਾਈਵਾਨ 7ਵੇਂ, ਫਿਨਲੈਂਡ 8ਵੇਂ, ਨਾਰਵੇ 9ਵੇਂ ਅਤੇ ਅਮਰੀਕਾ 10ਵੇਂ ਸਥਾਨ ’ਤੇ ਹੈ।