ਭਾਰਤੀ ਔਰਤਾਂ ਕੋਲ ਹੈ 25 ਹਜ਼ਾਰ ਟਨ ਸੋਨਾ, ਅਮਰੀਕਾ ਕੋਲ ਵੀ ਨਹੀਂ ਹੈ ਇੰਨਾ Gold
Monday, Apr 28, 2025 - 10:14 AM (IST)

ਜਲੰਧਰ- ਭਾਰਤ ਵਿਚ ਸੋਨਾ ਭਾਵ ਗੋਲਡ ਸਾਡੇ ਸੱਭਿਆਚਾਰਕ ਤੇ ਰਵਾਇਤੀ ਜੀਵਨ ਦਾ ਅਹਿਮ ਹਿੱਸਾ ਹੈ। ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਮੁਤਾਬਕ ਭਾਰਤੀ ਔਰਤਾਂ ਕੋਲ ਲੱਗਭਗ 25 ਹਜ਼ਾਰ ਟਨ ਸੋਨਾ ਹੈ, ਜੋ ਦੁਨੀਆ ਦੇ ਕੁਲ ਗੋਲਡ ਭੰਡਾਰ ਦੇ 11 ਫੀਸਦੀ ਦੇ ਬਰਾਬਰ ਹੈ। ਰਿਪੋਰਟ ਮੁਤਾਬਕ ਭਾਰਤੀ ਘਰਾਂ ਨੇ ਪਿਛਲੇ 15 ਸਾਲਾਂ ’ਚ ਸੋਨੇ ਦੀ ਖਰੀਦਦਾਰੀ ਤੋਂ 700 ਅਰਬ ਡਾਲਰ ਭਾਵ 59 ਲੱਖ ਕਰੋੜ ਰੁਪਏ ਕਮਾਏ ਹਨ, ਜਿਸ ਦਾ ਸਿਹਰਾ ਸੁਆਣੀਆਂ ਨੂੰ ਜਾਂਦਾ ਹੈ। ਭਾਰਤੀ ਔਰਤਾਂ ਕੋਲ ਜਿੰਨਾ ਗੋਲਡ ਹੈ, ਉਹ ਦੁਨੀਆ ਦੇ ਕਈ ਧਾਕੜ ਦੇਸ਼ਾਂ ਦੇ ਗੋਲਡ ਰਿਜ਼ਰਵ ਨਾਲੋਂ ਵੀ ਕਿਤੇ ਵੱਧ ਹੈ। ਉਦਾਹਰਣ ਵਜੋਂ ਅਮਰੀਕਾ ਕੋਲ 8 ਹਜ਼ਾਰ ਟਨ ਗੋਲਡ ਰਿਜ਼ਰਵ ਹੈ ਤਾਂ ਜਰਮਨੀ ਕੋਲ 3300 ਟਨ, ਇਟਲੀ ਕੋਲ 2450 ਟਨ, ਫਰਾਂਸ ਕੋਲ 2400 ਟਨ ਅਤੇ ਰੂਸ ਕੋਲ 1900 ਟਨ ਗੋਲਡ ਮੌਜੂਦ ਹੈ। ਜੇ ਇਨ੍ਹਾਂ ਦੇਸ਼ਾਂ ਦੇ ਗੋਲਡ ਦਾ ਭੰਡਾਰ ਮਿਲਾਇਆ ਜਾਵੇ ਤਾਂ ਵੀ ਇਹ ਭਾਰਤੀ ਔਰਤਾਂ ਕੋਲ ਮੌਜੂਦ ਗੋਲਡ ਨਾਲੋਂ ਘੱਟ ਹੈ।
ਭਾਰਤੀ ਸੁਆਣੀ ਸਮਝਦਾਰ ਫੰਡ ਮੈਨੇਜਰ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ 15 ਸਾਲਾਂ ’ਚ ਭਾਰਤੀ ਘਰਾਂ ਨੇ ਕੁਲ 12,006 ਟਨ ਸੋਨਾ ਖਰੀਦਿਆ ਹੈ, ਜਿਸ ਵਿਚ 8,696 ਟਨ ਗਹਿਣੇ ਅਤੇ 3,310 ਟਨ ਸਿੱਕੇ ਤੇ ਬਿਸਕੁਟ ਸ਼ਾਮਲ ਹਨ। ਸੀਨੀਅਰ ਬੈਂਕਰ ਉਦੈ ਕੋਟਕ ਨੇ ‘ਐਕਸ’ ’ਤੇ ਲਿਖਿਆ ਹੈ ਕਿ ਸੋਨੇ ਨੇ ਹਮੇਸ਼ਾ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸੁਆਣੀਆਂ ਦੁਨੀਆ ਦੀਆਂ ਸਭ ਤੋਂ ਸਮਝਦਾਰ ਫੰਡ ਮੈਨੇਜਰ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ, ਸੈਂਟਰਲ ਬੈਂਕ ਤੇ ਅਰਥਸ਼ਾਸਤਰੀ ਜੋ ਪੈਸਾ ਵਧਾਉਣ ਅਤੇ ਜ਼ਿਆਦਾ ਕਰਜ਼ਾ ਲੈਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਭਾਰਤ ਤੋਂ ਸਿੱਖਣਾ ਚਾਹੀਦਾ ਹੈ। ਭਾਰਤ ਹਮੇਸ਼ਾ ਤੋਂ ਸੋਨੇ ਦਾ ਵੱਡਾ ਖਰੀਦਦਾਰ ਰਿਹਾ ਹੈ। ਕੋਟਕ ਦਾ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਹੈ।
ਔਰਤਾਂ ਕੋਲ ਕਿਉਂ ਹੈ ਜ਼ਿਆਦਾ ਸੋਨਾ?
ਕੌਮਾਂਤਰੀ ਪੱਧਰ ’ਤੇ ਚੱਲ ਰਹੇ ਸੋਨੇ ਦੇ ਟ੍ਰੈਂਡਸ ਭਾਰਤ ਵਿਚ ਕਾਫੀ ਹੱਦ ਤਕ ਵਿਆਹਾਂ ਤੇ ਤਿਉਹਾਰਾਂ ਦੇ ਮੌਸਮ ਤੋਂ ਪ੍ਰਭਾਵਿਤ ਹੁੰਦੇ ਹਨ। ਹਾਲਾਂਕਿ ਵੇਖਿਆ ਗਿਆ ਹੈ ਕਿ ਨਵੇਂ ਸੋਨੇ ਦੀ ਖਰੀਦ ਦੇ ਬਦਲ ਦੇ ਤੌਰ ’ਤੇ ਲੋਕ ਪੁਰਾਣੇ ਗਹਿਣਿਆਂ ਨੂੰ ਬਦਲ ਕੇ ਨਵੀਂ ਖਰੀਦਦਾਰੀ ਕਰ ਰਹੇ ਹਨ। ਇਸ ਦੇ ਬਾਵਜੂਦ ਮੰਗ ਵਿਚ ਜ਼ਿਆਦਾ ਕਮੀ ਦਰਜ ਨਹੀਂ ਕੀਤੀ ਗਈ। ਭਾਰਤ ਵਿਚ ਸੋਨੇ ਦੀ ਸੱਭਿਆਚਾਰਕ ਅਹਿਮੀਅਤ ਹੋਣ ਕਾਰਨ ਇਹ ਕੀਮਤੀ ਧਾਤੂ ਹੋਰ ਜ਼ਿਆਦਾ ਕੀਮਤੀ ਹੋ ਜਾਂਦੀ ਹੈ। ਇਸ ਨੂੰ ਦੀਵਾਲੀ ਤੇ ਅਕਸ਼ੈ ਤ੍ਰਿਤੀਆ ਵਰਗੇ ਮੌਕਿਆਂ ’ਤੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ, ਜਦੋਂਕਿ ਵਿਆਹ ਦੌਰਾਨ ਮਿਲਿਆ ਸੋਨਾ ਔਰਤਾਂ ਦਾ ਇਸਤਰੀ ਧਨ ਬਣ ਕੇ ਸੰਕਟ ਦੇ ਸਮੇਂ ਇਕ ਭਰੋਸੇਮੰਦ ਪੂੰਜੀ ਦਾ ਕੰਮ ਕਰਦਾ ਹੈ। ਇਸ ਲਈ ਭਾਰਤੀ ਔਰਤਾਂ ਕੋਲ ਇਸ ਦੀ ਮੌਜੂਦਗੀ ਬਣੀ ਰਹਿੰਦੀ ਹੈ। ਦੱਖਣੀ ਭਾਰਤ ਵਿਚ ਸੋਨੇ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਜੇ ਦੇਸ਼ ਵਿਚ ਸੋਨੇ ਦੇ ਮਾਲਕਾਨਾ ਹੱਕ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਭਾਰਤ ਦੀਆਂ ਔਰਤਾਂ ਇਸ ਵਿਚ ਸਭ ਤੋਂ ਅੱਗੇ ਹਨ। ਭਾਰਤੀ ਗੋਲਡ ਵਿਚ ਦੱਖਣੀ ਭਾਰਤ ਦੀ 40 ਫੀਸਦੀ ਹਿੱਸੇਦਾਰੀ ਹੈ। ਇਕੱਲੇ ਤਾਮਿਲਨਾਡੂ ਦਾ ਹਿੱਸਾ ਲਗਭਗ 28 ਫੀਸਦੀ ਹੈ।
ਭਾਰਤ ਕੋਲ ਲਗਭਗ 30,000 ਟਨ ਸੋਨਾ
ਦੁਨੀਆ ਵਿਚ ਹੁਣ ਤਕ ਮਾਈਨ ਕੀਤਾ ਗਿਆ ਕੁਲ ਸੋਨਾ ਲਗਭਗ 2,16,265 ਟਨ ਹੈ, ਜਿਸ ਵਿਚ ਭਾਰਤ ਦੀ ਹਿੱਸੇਦਾਰੀ ਲਗਭਗ 14 ਫੀਸਦੀ ਹੈ। ਕੁਲ ਮਿਲਾ ਕੇ ਭਾਰਤ ਕੋਲ ਲਗਭਗ 30,000 ਟਨ ਸੋਨਾ ਹੈ, ਜਿਸ ਦੀ ਮੌਜੂਦਾ ਬਾਜ਼ਾਰ ਕੀਮਤ ਲਗਭਗ 3.2 ਟ੍ਰਿਲੀਅਨ ਡਾਲਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8