ਇਕ ਹਫਤੇ ''ਚ 5.9 ਅਰਬ ਡਾਲਰ ਡਿੱਗਿਆ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ

06/25/2022 3:28:55 PM

ਬਿਜਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ ਦੇ ਹਾਲ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 17 ਜੂਨ ਨੂੰ ਖਤਮ ਹਫਤੇ 'ਚ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 5.9 ਅਰਬ ਡਾਲਰ ਘੱਟ ਕੇ 590.59 ਅਰਬ ਡਾਲਰ ਹੋ ਗਿਆ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੁੱਲ ਭੰਡਾਰ 'ਚ ਗਿਰਾਵਟ ਮੁੱਖ ਰੂਪ ਨਾਲ ਵਿਦੇਸ਼ੀ ਮੁਦਰਾ ਸੰਪਤੀਆਂ 'ਚ 5.4 ਅਰਬ ਡਾਲਰ ਦੀ ਕਮੀ ਦੇ ਕਾਰਨ ਹੋਇਆ ਹੈ। 
ਦੋ ਹਫਤਿਆਂ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 10 ਅਰਬ ਡਾਲਰ ਤੋਂ ਜ਼ਿਆਦਾ ਘੱਟ ਹੋਇਆ ਹੈ ਕਿਉਂਕਿ ਕੇਂਦਰੀ ਬੈਂਕ ਨੇ ਵਿਦੇਸ਼ੀ ਐਕਸਚੇਂਜ ਬਾਜ਼ਾਰ 'ਚ ਦਖ਼ਲਅੰਦਾਜ਼ੀ ਰੋਕ ਦਿੱਤੀ ਹੈ। ਇਸ ਤੋਂ ਪਹਿਲਾਂ ਦੇ ਹਫਤੇ 'ਚ ਰਿਜ਼ਰਵ ਬੈਂਕ ਨੇ 4.6 ਅਰਬ ਡਾਲਰ ਦੀ ਵਿਕਰੀ ਕੀਤੀ ਸੀ। 
ਫਰਵਰੀ ਦੇ ਅਖੀਰ 'ਚ ਰੂਸ ਯੂਕ੍ਰੇਨ ਯੁੱਧ ਲੱਗਣ ਤੋਂ ਬਾਅਦ ਤੋਂ ਜ਼ਿਆਦਾਤਰ ਉਭਰਦੇ ਬਾਜ਼ਾਰਾਂ ਦੀ ਮੁਦਰਾ 'ਤੇ ਦਬਾਅ ਹੈ ਕਿਉਂਕਿ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਵੱਲ ਭੱਜ ਰਹੇ ਹਨ। 2022 'ਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ 5 ਫੀਸਦੀ ਦੀ ਗਿਰਾਵਟ ਆਈ ਹੈ।
25 ਫਰਵਰੀ ਤੋਂ ਹੁਣ ਤੱਕ ਵਿਦੇਸ਼ੀ ਮੁਦਰਾ ਭੰਡਾਰ 'ਚ 40.94 ਅਰਬ ਡਾਲਰ ਦੀ ਕਮੀ ਆਈ ਹੈ। 3 ਸਤੰਬਰ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 642 ਅਰਬ ਡਾਲਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਇਹ ਰਾਸ਼ੀ 2021-22 ਦੇ 14-15 ਮਹੀਨਿਆਂ ਦੇ ਆਯਾਤ ਦੇ ਬਰਾਬਰ ਸੀ। ਅਜੇ ਜੋ ਵਿਦੇਸ਼ੀ ਮੁਦਰਾ ਭੰਡਾਰ ਹੈ, 2022-23 'ਚ ਅਨੁਮਾਨਿਤ ਆਯਾਤ ਦੇ ਸਿਰਫ਼ 10 ਮਹੀਨਿਆਂ ਦੇ ਆਯਾਤ ਦੇ ਬਰਾਬਰ ਹੈ।
ਐੱਸ ਪੀ ਜੈਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਰਿਸਰਚ 'ਚ ਐਸੋਸੀਏਟ ਅਨੰਤ ਨਾਰਾਇਣ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਨਿਸ਼ਚਿਤ ਰੂਪ ਨਾਲ ਰਿਜ਼ਰਵ ਬੈਂਕ ਦੀ ਦਖਲਅੰਦਾਜ਼ੀ ਦਾ ਅਸਰ ਦਿਖ ਰਿਹਾ ਹੈ। ਖ਼ਾਸ ਕਰਕੇ ਮਈ ਮਹੀਨੇ 'ਚ ਅਤੇ ਹੁਣ ਜੂਨ 'ਚ। ਇਸ ਦੀ ਗੈਰਹਾਜ਼ਰੀ 'ਚ ਅਸੀਂ ਵੱਡੇ ਪੈਮਾਨੇ 'ਤੇ ਸ਼ੁੱਧ ਆਊਟਫਲੋ ਦੇਖਦੇ ਹਾਂ।  ਐੱਨ.ਐੱਫ.ਏ. ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੂਨ 2022 'ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ 45,841 ਕਰੋੜ ਰੁਪਏ ਦੇ ਬਰਾਬਰ ਭਾਰਤੀ ਇਕਵਿਟੀ ਵੇਚੀ ਹੈ।


Aarti dhillon

Content Editor

Related News