ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ ਨਵੰਬਰ ’ਚ 5 ਫੀਸਦੀ ਵਧਿਆ : ਸਟੀਲਮਿੰਟ
Tuesday, Dec 13, 2022 - 12:27 PM (IST)
ਨਵੀਂ ਦਿੱਲੀ– ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ ਨਵੰਬਰ 2022 ’ਚ ਕਰੀਬ 5 ਫੀਸਦੀ ਵਧ ਕੇ 1,034 ਕਰੋੜ ਟਨ ਰਿਹਾ ਹੈ। ਖੋਜ ਕੰਪਨੀ ਸਟੀਲਮਿੰਟ ਮੁਤਾਬਕ ਦੇਸ਼ ਦੀਆਂ ਚੋਟੀ ਦੀਆਂ ਛੇ ਇਸਪਾਤ ਕੰਪਨੀਆਂ...ਸੇਲ, ਟਾਟਾ ਸਟੀਲ, ਜੇ. ਐੱਸ. ਡਬਲਯੂ. ਸਟੀਲ, ਜੇ. ਐੱਸ. ਪੀ. ਐੱਲ., ਏ. ਐੱਮ. ਐੱਨ. ਐੱਸ. ਇੰਡੀਆ ਅਤੇ ਆਰ. ਆਈ. ਐੱਨ. ਐੱਲ. ਨੇ ਕੁੱਲ 62.8 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ। ਬਾਕੀ 40.5 ਲੱਖ ਟਨ ਦਾ ਉਤਪਾਦਨ ਸੈਕੰਡਰੀ ਖੇਤਰ ਨੇ ਕੀਤਾ।
ਪਿਛਲੇ ਵਿੱਤੀ ਸਾਲ ਦੇ ਇਸੇ ਮਹੀਨੇ ’ਚ ਦੇਸ਼ ਦਾ ਕੱਚੇ ਇਸਪਾਤ ਦਾ ਉਤਪਾਦਨ 98.8 ਲੱਖ ਟਨ ਰਿਹਾ ਸੀ। ਨਵੰਬਰ 2021 ’ਚ ਵੱਡੇ ਇਸਪਾਤ ਨਿਰਮਾਤਾਵਾਂ ਨੇ ਸਾਂਝੇ ਤੌਰ ’ਤੇ 60.9 ਲੱਖ ਟਨ ਇਸਪਾਤ ਦਾ ਉਤਪਾਦਨ ਕੀਤਾ ਜਦ ਕਿ ਸੈਕੰਡਰੀ ਸ਼੍ਰੇਣੀ ਦੇ ਉਤਪਾਦਕਾਂ ਨੇ 37.9 ਲੱਖ ਟਨ ਦਾ ਉਤਪਾਦਨ ਕੀਤਾ। ਉੱਥੇ ਹੀ ਤਿਆਰ ਇਸਪਾਤ ਦਾ ਉਤਪਾਦਨ ਨਵੰਬਰ 2021 ਦੇ 92.3 ਲੱਖ ਟਨ ਤੋਂ 3.41 ਫੀਸਦੀ ਵਧ ਕੇ ਨਵੰਬਰ 2022 ’ਚ 95.5 ਲੱਖ ਟਨ ਹੋ ਗਿਆ। ਸਟੀਲਮਿੰਟ ਮੁਤਾਬਕ ਨਵੰਬਰ ’ਚ ਤਿਆਰ ਇਸਪਾਤ ਦਾ ਇੰਪੋਰਟ 3.1 ਲੱਖ ਟਨ ਤੋਂ ਲਗਭਗ ਦੁੱਗਣਾ ਹੋ ਕੇ 6 ਲੱਖ ਟਨ ਹੋ ਗਿਆ ਜਦ ਕਿ ਇਸ ਦਾ ਐਕਸਪੋਰਟ 53 ਫੀਸਦੀ ਡਿਗ ਕੇ 3.4 ਲੱਖ ਟਨ ਹੋ ਗਿਆ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 7.2 ਲੱਖ ਟਨ ਸੀ।