ਬਿਨਾਂ ਵਿਕੇ ਫਲੈਟਾਂ ''ਤੇ ਆਮਦਨ ਕਰ ਵਿਭਾਗ ਲਾਏਗਾ ਟੈਕਸ
Wednesday, Nov 29, 2017 - 11:18 PM (IST)
ਨਵੀਂ ਦਿੱਲੀ— ਵਿੱਤ ਮੰਤਰਾਲਾ ਦੇ ਸੂਤਰਾਂ ਅਨੁਸਾਰ ਆਮਦਨ ਕਰ ਵਿਭਾਗ ਇਕ ਸਾਲ ਤੋਂ ਜ਼ਿਆਦਾ ਦੇ ਬਣੇ ਬਿਨਾਂ ਵਿਕੇ ਫਲੈਟਾਂ 'ਤੇ ਟੈਕਸ ਲਾਉਣ ਦੀ ਤਿਆਰੀ ਕਰ ਰਿਹਾ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਿਲਡਰ ਟੈਕਸ ਬਚਾਉਣ ਲਈ ਕਈ ਸਾਲਾਂ ਤੱਕ ਆਪਣੇ ਫਲੈਟ ਨਹੀਂ ਵੇਚਦੇ ਹਨ, ਜਿਸ ਕਾਰਨ ਆਮਦਨ ਕਰ ਵਿਭਾਗ ਨੂੰ ਟੈਕਸ ਨਹੀਂ ਮਿਲ ਰਿਹਾ ਹੈ।
ਸੂਤਰਾਂ ਅਨੁਸਾਰ ਦੇਸ਼ 'ਚ ਬਿਨਾਂ ਵਿਕੇ ਫਲੈਟਾਂ ਦੇ ਅੰਕੜਿਆਂ ਨੂੰ ਇਕੱਠਾ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਰਿਪੋਰਟ ਅਨੁਸਾਰ ਦੇਸ਼ ਦੇ 8 ਵੱਡੇ ਸ਼ਹਿਰਾਂ 'ਚ 10 ਲੱਖ ਤੋਂ ਜ਼ਿਆਦਾ ਬਿਨਾਂ ਵਿਕੇ ਫਲੈਟ ਬਿਲਡਰਾਂ ਕੋਲ ਪਏ ਹੋਏ ਹਨ, ਉਥੇ ਦੇਸ਼ ਦੇ 50 ਸ਼ਹਿਰਾਂ 'ਚ ਲਗਭਗ 11 ਲੱਖ 50 ਹਜ਼ਾਰ ਫਲੈਟ ਬਿਨਾਂ ਵਿਕੇ ਪਏ ਹਨ, ਜਿਸ ਕਾਰਨ ਆਮਦਨ ਕਰ ਵਿਭਾਗ ਦੀ ਆਮਦਨ 'ਚ ਕਾਫੀ ਗਿਰਾਵਟ ਪਿਛਲੇ ਸਾਲਾਂ 'ਚ ਦਰਜ ਹੋਈ ਹੈ।
ਆਮਦਨ ਕਰ ਵਿਭਾਗ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਬਿਨਾਂ ਵਿਕੇ ਫਲੈਟ ਅਤੇ ਡੁਪਲੈਕਸ 'ਤੇ ਟੈਕਸ ਲਾਉਣ 'ਤੇ ਵਿਚਾਰ ਕੀਤਾ ਹੈ। ਸੂਤਰਾਂ ਅਨੁਸਾਰ ਅਪ੍ਰੈਲ 2018 ਤੋਂ ਬਿਨਾਂ ਵਿਕੇ ਫਲੈਟ ਅਤੇ ਡੁਪਲੈਕਸ 'ਤੇ ਆਮਦਨ ਕਰ ਵਿਭਾਗ ਕੁਲ ਕੀਮਤ ਦਾ 8 ਤੋਂ 10 ਫੀਸਦੀ ਟੈਕਸ ਵਸੂਲੇਗਾ। ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਮਦਨ ਕਰ ਅਧਿਕਾਰੀਆਂ ਨੂੰ ਇਸ ਸਬੰਧ 'ਚ ਦਿਸ਼ਾ-ਨਿਰਦੇਸ਼ ਵੀ ਭੇਜੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਹੁਣ ਰੀਅਲ ਅਸਟੇਟ 'ਚ ਆਮਦਨ ਕਰ ਵਿਭਾਗ ਦਾ ਨਵਾਂ ਟੈਕਸ ਬਿਲਡਰਾਂ ਦਾ ਲੱਕ ਤੋੜੇਗਾ। ਬਿਲਡਰਾਂ ਨੂੰ ਵੀ ਹੁਣ ਆਪਣੀਆਂ ਕੀਮਤਾਂ ਘੱਟ ਕਰ ਕੇ ਜਲਦ ਤੋਂ ਜਲਦ ਫਲੈਟ ਵੇਚਣ ਦੀ ਕੋਸ਼ਿਸ਼ ਕਰਨੀ ਹੋਵੇਗੀ।
