ਦੁਨੀਆ ’ਚ ਛਾਈ ਅਨਿਸ਼ਚਿਤਤਾ ਦਰਮਿਆਨ ਭਾਰਤ ਕੁੱਝ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ : ਸੀਤਾਰਮਣ

Sunday, Oct 16, 2022 - 10:58 AM (IST)

ਵਾਸ਼ਿੰਗਟਨ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਦੁਨੀਆ ’ਚ ਛਾਏ ਅਨਿਸ਼ਚਿਤਤਾ ਦੇ ਮਾਹੌਲ ’ਚ ਭਾਰਤ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜੋ ਸ਼ਾਨਾਦਰ ਪ੍ਰਦਰਸ਼ਨ ਕਰ ਰਹੇ ਹਨ। ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਜਾਰੀ ਸਾਲਾਨਾ ਬੈਠਕ ਦੇ ਤਹਿਤ ਕੌਮਾਂਤਰੀ ਮੁਦਰਾ ਵਿੱਤੀ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਸੀਤਾਰਮਣ ਨੇ ਇਹ ਗੱਲ ਕਹੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਰਾਸ਼ਟਰੀ ਸਟੈਟਿਕਸ ਸੰਗਠਨ (ਐੱਨ. ਐੱਸ. ਓ.) ਨੇ ਹੁਣ ਚਾਲੂ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ’ਚ ਸਾਲਾਨਾ ਆਧਾਰ ’ਤੇ 13.5 ਫੀਸਦੀ ਦੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧਾ ਦਰ ਰੱਖੀ ਹੈ ਜੋ ਵੱਡੀਆਂ ਅਰਥਵਿਵਸਥਾਵਾਂ ’ਚੋਂ ਸਭ ਤੋਂ ਵੱਧ ਹੈ। ਸੀਤਾਰਮਣ ਨੇ ਕਿਹਾ ਕਿ ਭਾਰਤ ਨੇ ਇਹ ਪ੍ਰਾਪਤੀ ਉਦੋਂ ਹਾਸਲ ਕੀਤੀ ਹੈ ਜਦੋਂ ਉਸ ਨੇ ਮੁਦਰਾ ਸਧਾਰਣਕਰਨ ਦੀ ਪ੍ਰਕਿਰਿਆ ਪਹਿਲਾਂ ਸ਼ੁਰੂ ਕਰ ਦਿੱਤੀ ਸੀ।

ਯੂਰਪੀ ਸੰਘ ਦੇ ਆਰਥਿਕ ਕਮਿਸ਼ਨਰ ਨਾਲ ਮੁਲਾਕਾਤ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਾਸ਼ਿੰਗਟਨ ’ਚ ਯੂਰਪੀ ਸੰਘ (ਈ. ਯੂ.) ਦੇ ਆਰਥਿਕ ਕਮਿਸ਼ਨਰ ਪਾਓਲੋ ਜੇਂਤੀਲੋਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਮੌਜੂਦਾ ਕੌਮਾਂਤਰੀ ਅਰਥਵਿਵਸਥਾ ’ਤੇ ਚਰਚਾ ਕੀਤੀ। ਕੇਂਦਰੀ ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਸੀਤਾਰਮਣ ਅਤੇ ਜੇਂਤੀਲੋਨੀ ਨੇ 2023 ’ਚ ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਕੌਮਾਂਤਰੀ ਅਰਥਵਿਵਸਥਾ ਅਤੇ ਭਾਰਤ ਈ. ਯੂ. ਸਹਿਯੋਗ ਕਰਨ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਨੇ ਬਹੁਪੱਖੀ ਵਿਕਾਸ ਬੈਂਕਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਚਰਚਾ ਕੀਤੀ ਤਾਂ ਕਿ ਉਹ ਲੋੜਵੰਦ ਦੇਸ਼ਾਂ ਦੀ ਮਦਦ ਕਰ ਸਕਣ। ਹੁਣ ਤੱਕ ਸੀਤਾਰਮਣ ਨੇ ਪ੍ਰਮੁੱਖ ਦੇਸ਼ਾਂ ਦੇ ਆਪਣੇ ਹਮ-ਅਹੁਦਿਆਂ ਨਾਲ ਕਈ ਦੋਪੱਖੀ ਬੈਠਕਾਂ ਕੀਤੀਆਂ ਹਨ। ਉਨ੍ਹਾਂ ਨੇ ਵੀਰਵਾਰ ਨੂੰ ਜਰਮਨੀ ਦੇ ਵਿੱਤ ਮੰਤਰੀ ਕ੍ਰਿਸ਼ਚੀਅਨ ਲਿੰਡਨਰ ਨਾਲ ਮੁਲਾਕਾਤ ਕੀਤੀ ਸੀ।

ਤੇਲ-ਗੈਸ ਦੀ ਸਪਲਾਈ ’ਚ ਪੈਦਾ ਹੋ ਸਕਦੀਆਂ ਹਨ ਰੁਕਾਵਟਾਂ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ‘ਤਨਾਅਪੂਰਨ’ ਅਤੇ ‘ਅਨਿਸ਼ਚਿਤ’ ਭੂ-ਸਿਆਸੀ ਸੰਕਟ ਸਰਦੀਆਂ ’ਚ ਕੱਚੇ ਤੇਲ ਅਤੇ ਕੁਦਰਤੀ ਗੈਸ ਵਰਗੇ ਅਹਿਮ ਜਿਣਸਾਂ ਦੀ ਸਪਲਾਈ ’ਚ ਨਵੀਆਂ ਚਿੰਤਾਵਾਂ ਨੂੰ ਪੈਦਾ ਕਰ ਸਕਦਾ ਹੈ। ਉਨ੍ਹਾਂ ਨੇ ਨਾਲ ਹੀ ਮਜ਼ਬੂਤ ਵਿਆਪਕ ਆਰਥਿਕ ਬੁਨਿਆਦੀ ਪਹਿਲੂਆਂ ਅਤੇ ਸਰਕਾਰ ਦੇ ਸਰੰਚਨਾਤਮਕ ਸੁਧਾਰਾਂ ਦੇ ਆਧਾਰ ’ਤੇ ਭਾਰਤ ਦੇ ਆਰਥਿਕ ਦ੍ਰਿਸ਼ਟੀਕੋਣ ’ਤੇ ਆਸ਼ਾਵਾਦ ਪ੍ਰਗਟ ਕੀਤਾ। ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਦਾ ਕੌਮਾਂਤਰੀ ਊਰਜਾ ਪ੍ਰਣਾਲੀ ’ਤੇ ਬੁਰਾ ਪ੍ਰਭਾਵ ਪਿਆ ਹੈ। ਇਸ ਕਾਰਨ ਸਪਲਾਈ ਅਤੇ ਮੰਗ ਪ੍ਰਭਾਵਿਤ ਹੋਈ ਹੈ ਅਤੇ ਵੱਖ-ਵੱਖ ਦੇਸ਼ਾਂ ਦਰਮਿਆਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਵਪਾਰਕ ਸਬੰਧਾਂ ’ਚ ਖੱਟਾਸ ਆਈ ਹੈ। ਸੀਤਾਰਮਣ ਨੇ ਬੈਠਕ ’ਚ ਵਿਸ਼ਵ ਬੈਂਕ ਸਮੂਹ ਨੂੰ ਸੋਮੇ ਜੁਟਾਉਣ ਲਈ ਨਵੇਂ ਤਰੀਕਿਆਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ।

ਕੌਮਾਂਤਰੀ ਪੱਧਰ ’ਤੇ ਉਲਟ ਹਾਲਾਤਾਂ ਦੇ ਬਾਵਜੂਦ ਵਧਦੀ ਰਹੇਗੀ ਭਾਰਤੀ ਅਰਥਵਿਵਸਥਾ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਉਲਟ ਹਾਲਾਤਾਂ ਦੇ ਬਾਵਜੂਦ ਚਾਲੂ ਵਿੱਤੀ ਸਾਲ ’ਚ ਭਾਰਤ ਦੀ ਅਰਥਵਿਵਸਥਾ ਵਾਧੇ ਦਗੇ ਰਾਹ ’ਤੇ ਵਧਦੀ ਰਹੇਗੀ ਅਤੇ ਇਸ ਦੇ 7 ਫੀਸਦੀ ਦੀ ਦਰ ਨਾਲ ਵਾਧਾ ਕਰਨ ਦਾ ਅਨੁਮਾਨ ਹੈ। ਸੀਤਾਰਮਣ ਨੇ ਕਿਹਾ ਕਿ ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੌਮਾਂਤਰੀ ਆਰਥਿਕ ਦ੍ਰਿਸ਼ ਵੱਡੀਆਂ ਅਰਥਵਿਵਸਥਾਵਾਂ ਦੇ ਵਾਧੇ ’ਚ ਗਿਰਾਵਟ, ਭੂ-ਸਿਆਸੀ ਹਾਲਾਤਾਂ ਦੇ ਪ੍ਰਭਾਵ, ਖੁਰਾਕ ਅਤੇ ਊਰਜਾ ਕੀਮਤਾਂ ਵਿਚ ਵਾਧੇ ਨਾਲ ਵਧਦੇ ਮਹਿੰਗਾਈ ਦੇ ਦਬਾਅ ਵਰਗੇ ਜੋਖਮਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਿਸ ਨਾਲ ਸੰਵੇਦਨਸ਼ੀਲ ਅਰਥਵਿਵਸਥਾਵਾਂ ਪ੍ਰਭਾਵਿਤ ਹੋ ਰਹੀਆਂ ਹਨ।

ਸਬਸਿਡੀ ’ਤੇ ਇਕਪਾਸੜ ਨਜ਼ਰੀਆ ਨਾ ਅਪਣਾਉਣ ਵਰਲਡ ਬੈਂਕ

ਵਿੱਤ ਮੰਤਰੀ ਨੇ ਭਾਰਤ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਬਸਿਡੀ ’ਤੇ ਇਕਪਾਸੜ ਨਜ਼ਰੀਆ ਨਾ ਅਪਣਾਉਣ ਦੀ ਵਿਸ਼ਵ ਬੈਂਕ ਨੂੰ ਅਪੀਲ ਕਰਦੇ ਹੋਏ ਕਿਹਾ ਕਿ ‘ਨੁਕਸਾਨਦਾਇਕ ਸਬਸਿਡੀ’ ਅਤੇ ਸੰਵੇਦਨਸ਼ੀਲ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ‘ਟਾਰਗੈਟੇਡ ਸਪੋਰਟ’ ਵਿਚ ਫਰਕ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, ‘‘ਸਾਡੀ ਵਿਸ਼ਵ ਬੈਂਕ ਨੂੰ ਅਪੀਲ ਹੈ ਕਿ ਸਬਸਿਡੀ ਨੂੰ ਇਕ ਆਯਾਮੀ ਨਜ਼ਰੀਏ ਨਾਲ ਦੇਖਣਾ ਬੰਦ ਕੀਤਾ ਜਾਵੇ।’’


Harinder Kaur

Content Editor

Related News