ਪੀਂਦੇ ਹੋ ਬੋਤਲ ਦਾ ਪਾਣੀ ਤਾਂ ਹੋ ਜਾਓ ਸਾਵਧਾਨ

Friday, Mar 16, 2018 - 01:00 PM (IST)

ਪੀਂਦੇ ਹੋ ਬੋਤਲ ਦਾ ਪਾਣੀ ਤਾਂ ਹੋ ਜਾਓ ਸਾਵਧਾਨ

ਨਵੀਂ ਦਿੱਲੀ— ਜੇਕਰ ਤੁਸੀਂ ਬੋਤਲ ਬੰਦ ਪਾਣੀ ਪੀਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਅਮਰੀਕਾ ਦੇ ਨਿਊਯਾਰਕ ਸਥਿਤ ਸਟੇਟ ਯੂਨੀਵਰਸਿਟੀ ਦੀ ਇਕ ਸੋਧ ਰਿਪੋਰਟ 'ਚ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ। ਇਸ 'ਚ ਕਿਹਾ ਗਿਆ ਹੈ ਕਿ ਦੁਨੀਆ ਭਰ ਤੋਂ ਲਏ ਗਏ ਬੋਤਲ ਬੰਦ ਪਾਣੀ ਦੇ 93 ਫੀਸਦੀ ਨਮੂਨਿਆਂ 'ਚ ਪਲਾਸਟਿਕ ਦੇ ਕਣ ਪਾਏ ਗਏ ਹਨ। ਇਹ ਨਮੂਨੇ ਭਾਰਤ ਸਮੇਤ 9 ਦੇਸ਼ਾਂ 'ਚ ਬੋਤਲ ਬੰਦ ਪਾਣੀ ਦੀ ਸਪਲਾਈ ਕਰਨ ਵਾਲੀਆਂ 11 ਬਰਾਂਡ ਦੀਆਂ ਕੰਪਨੀਆਂ ਤੋਂ ਲਏ ਗਏ। ਇਨ੍ਹਾਂ 9 ਦੇਸ਼ਾਂ 'ਚ ਭਾਰਤ ਦੇ ਗੁਆਂਢੀ ਦੇਸ਼ ਚੀਨ ਦੇ ਇਲਾਵਾ, ਅਮਰੀਕਾ, ਬ੍ਰਾਜ਼ੀਲ, ਇੰਡੋਨੇਸ਼ੀਆ, ਕੀਨੀਆ, ਲੇਬਨਾਨ, ਮੈਕਸਿਕੋ ਅਤੇ ਥਾਈਲੈਂਡ ਸ਼ਾਮਲ ਹਨ।

ਬੋਤਲ ਬੰਦ ਪਾਣੀ 'ਚ ਜੋ ਕਣ ਮਿਲੇ ਹਨ, ਉਨ੍ਹਾਂ 'ਚ ਪਾਲੀਪ੍ਰੋਪਾਈਲਿਨ, ਨਾਇਲਾਨ ਅਤੇ ਪਾਲੀਥਲੀਨ ਟੈਰੇਫਥਲੇਟ ਸ਼ਾਮਲ ਹਨ। ਇਨ੍ਹਾਂ ਸਭ ਦਾ ਇਸਤੇਮਾਲ ਬੋਤਲ ਦੇ ਢੱਕਣ ਬਣਾਉਣ 'ਚ ਹੁੰਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਰਿਸਰਚ ਕਰਤਾਵਾਂ ਦਾ ਮੰਨਣਾ ਹੈ ਕਿ ਪਾਣੀ 'ਚ ਜ਼ਿਆਦਾਤਰ ਪਲਾਸਿਟਕ ਕਣ ਬੋਤਲ ਭਰਦੇ ਸਮੇਂ ਆਉਂਦੇ ਹਨ। ਰਿਸਰਚ ਕਰਤਾਵਾਂ ਅਨੁਸਾਰ 1 ਲੀਟਰ ਪਾਣੀ ਦੀ ਬੋਤਲ 'ਚ ਔਸਤ 10 ਮਾਈਕਰੋ ਪਲਾਸਟਿਕ ਕਣ ਪਾਏ ਗਏ। ਇਹ ਵਿਸ਼ਲੇਸ਼ਣ ਫ੍ਰੈਡੋਨੀਆ ਯੂਨੀਵਰਸਿਟੀ 'ਚ ਰਸਾਇਣ ਦੇ ਪ੍ਰੋਫੈਸਰ ਸ਼ੈਰੀ ਮੈਸਨ ਦੀ ਅਗਵਾਈ 'ਚ ਕੀਤਾ ਗਿਆ। ਜਿਨ੍ਹਾਂ ਬਰਾਂਡ ਦੇ ਨਮੂਨੇ ਲਏ ਗਏ ਉਨ੍ਹਾਂ 'ਚ ਐਕਵਾ, ਐਕਵਾਫਿਨਾ, ਦਾਸਾਨੀ, ਐਵੀਅਨ, ਨੈਸਲੇ ਪਿਓਰ ਲਾਈਫ, ਬਿਸਲਰੀ ਅਤੇ ਸੈਨ ਪੈਲੇਗ੍ਰੀਨੋ ਵਰਗੇ ਪ੍ਰਮੁੱਖ ਬਰਾਂਡ ਸ਼ਾਮਲ ਸਨ।


Related News