ICICI ਬੈਂਕ ਦਾ ਤੀਜੀ ਤਿਮਾਹੀ ਦਾ ਮੁਨਾਫਾ ਵੱਧ ਕੇ 5 ਹਜ਼ਾਰ ਕਰੋੜ ਤੋਂ ਪਾਰ
Saturday, Jan 30, 2021 - 05:36 PM (IST)
ਨਵੀਂ ਦਿੱਲੀ- ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਦਸੰਬਰ 2020 ਵਿਚ ਸਮਾਪਤ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦਾ ਸ਼ੁੱਧ ਮੁਨਾਫਾ 17.73 ਫ਼ੀਸਦੀ ਵੱਧ ਕੇ 5,498.15 ਕਰੋੜ ਰੁਪਏ 'ਤੇ ਪਹੁੰਚ ਗਿਆ। ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਬੈਂਕ ਦਾ ਸ਼ੁੱਧ ਮੁਨਾਫਾ 4,670.10 ਕਰੋੜ ਰੁਪਏ ਸੀ। ਏਕਲ ਆਧਾਰ 'ਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਿੱਜੀ ਸੈਕਟਰ ਦੇ ਬੈਂਕ ਨੇ ਇਸ ਤਿਮਾਹੀ ਦੌਰਾਨ 4,939.59 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ 4,146.46 ਕਰੋੜ ਰੁਪਏ ਸੀ।
ਬੈਂਕ ਨੇ ਬਿਆਨ ਵਿਚ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵੱਧ ਕੇ 24,416 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ਵਿਚ 23,638 ਕਰੋੜ ਰੁਪਏ ਸੀ। ਉੱਥੇ ਹੀ, ਇਸ ਦੌਰਾਨ ਬੈਂਕ ਦਾ ਕੁੱਲ ਖ਼ਰਚ ਘੱਟ ਕੇ 15,596 ਕਰੋੜ ਰੁਪਏ ਰਹਿ ਗਿਆ, ਜੋ ਇਕ ਸਾਲ ਪਹਿਲਾਂ 16,089 ਕਰੋੜ ਰੁਪਏ ਸੀ। ਬੈਂਕ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦਾ ਐੱਨ. ਪੀ. ਏ. 4.38 ਫ਼ੀਸਦੀ ਰਿਹਾ।
ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਬੈਂਕਾਂ ਨੂੰ ਕਰਜ਼ ਦੀ ਕਿਸ਼ਤ ਦਾ ਭੁਗਤਾਨ ਨਾ ਕਰਨ ਵਾਲੇ ਖਾਤਿਆਂ ਨੂੰ ਐੱਨ. ਪੀ. ਏ. ਦੇ ਰੂਪ ਵਿਚ ਵਰਗੀਕ੍ਰਿਤ ਨਾ ਕਰਨ ਦਾ ਹੁਕਮ ਦਿੱਤਾ ਸੀ। ਜੇਕਰ ਅਜਿਹਾ ਨਾ ਹੁੰਦਾ ਤਾਂ ਬੈਂਕ ਦਾ ਐੱਨ. ਪੀ. ਏ. ਅਨੁਪਾਤ 5.42 ਫ਼ੀਸਦੀ ਹੁੰਦਾ।