ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੁਨਾਫੇ ’ਚ 98.6 ਫੀਸਦੀ ਦੀ ਭਾਰੀ ਗਿਰਾਵਟ

Tuesday, Oct 29, 2024 - 10:23 AM (IST)

ਇੰਡੀਅਨ ਆਇਲ ਕਾਰਪੋਰੇਸ਼ਨ ਦੇ ਮੁਨਾਫੇ ’ਚ 98.6 ਫੀਸਦੀ ਦੀ ਭਾਰੀ ਗਿਰਾਵਟ

ਨਵੀਂ ਦਿੱਲੀ (ਭਾਸ਼ਾ) – ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੇ ਮੁਨਾਫੇ ’ਚ ਭਾਰੀ ਗਿਰਾਵਟ ਆਈ ਹੈ। ਸਤੰਬਰ 2024 ’ਚ ਖਤਮ ਦੂਜੀ ਤਿਮਾਹੀ ’ਚ ਇਹ ਲੱਗਭਗ ਖਤਮ ਹੋ ਗਿਆ। ਪਿਛਲੇ ਸਾਲ ਇਸੇ ਤਿਮਾਹੀ ’ਚ ਕੰਪਨੀ ਦਾ ਮੁਨਾਫਾ 12,967 ਕਰੋੜ ਰੁਪਏ ਸੀ। ਇਹ ਇਸ ਵਾਰ 98.6 ਫੀਸਦੀ ਡਿੱਗ ਕੇ ਸਿਰਫ 180 ਕਰੋੜ ਰੁਪਏ ਰਹਿ ਗਿਆ।

ਕੰਪਨੀ ਦੀ ਆਮਦਨ ’ਚ ਵੀ ਸਾਲ-ਦਰ-ਸਾਲ 4 ਫੀਸਦੀ ਦੀ ਗਿਰਾਵਟ ਦੇਖੀ ਗਈ। ਇਹ ਪਿਛਲੇ ਸਾਲ ਦੇ 2.02 ਲੱਖ ਕਰੋੜ ਤੋਂ ਘੱਟ ਕੇ 1.95 ਲੱਖ ਕਰੋੜ ਰੁਪਏ ਰਹਿ ਗਈ। ਆਈ. ਓ. ਸੀ. ਦਾ ਕਹਿਣਾ ਹੈ ਕਿ ਮਾਨਸੂਨ ਦੇ ਮੌਸਮ ’ਚ ਈਂਧਣ ਦੀ ਮੰਗ ’ਚ ਆਈ ਕਮੀ ਅਤੇ ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦੇ ਕਾਰਨ ਮੁਨਾਫੇ ’ਚ ਇਹ ਭਾਰੀ ਗਿਰਾਵਟ ਆਈ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਭਾਰਤ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਕੰਪਨੀਆਂ ’ਚੋਂ ਇਕ ਹੈ। ਇਹ ਦੇਸ਼ ’ਚ ਪੈਟਰੋਲ, ਡੀਜ਼ਲ, ਐੱਲ. ਪੀ. ਜੀ., ਪੈਟਰੋ ਕੈਮੀਕਲਸ ਅਤੇ ਹੋਰ ਤੇਲ ਉਤਪਾਦਾਂ ਦੀ ਸਭ ਤੋਂ ਵੱਡੀ ਪ੍ਰੋਡਿਊਸਰ ਅਤੇ ਡਿਸਟ੍ਰੀਬਿਊਟਰ ਹੈ।

ਜੂਨ 2024 ਤਿਮਾਹੀ ਦੇ ਮੁਕਾਬਲੇ ’ਚ ਮੁਨਾਫਾ 93 ਫੀਸਦੀ ਘੱਟ

ਆਈ. ਓ. ਸੀ. ਨੇ ਜੁਲਾਈ-ਸਤੰਬਰ 2024 ਦੀ ਤਿਮਾਹੀ ’ਚ 3,773 ਕਰੋੜ ਰੁਪਏ ਦਾ ਐਬਿਟਾ ਦਰਜ ਕੀਤਾ। ਉੱਧਰ ਐਬਿਟਾ ਮਾਰਜਿਨ 2.17 ਫੀਸਦੀ ਰਿਹਾ। ਆਈ. ਓ. ਸੀ. ਦਾ ਗ੍ਰਾਸ ਰਿਫਾਈਨਿੰਗ ਮਾਰਜਿਨ (ਜੀ. ਆਰ. ਐੱਮ.) ਅਪ੍ਰੈਲ-ਸਤੰਬਰ 2024 ਦੀ ਮਿਆਦ ਲਈ ਘਟ ਕੇ 4.08 ਡਾਲਰ ਪ੍ਰਤੀ ਬੈਰਲ ਰਹਿ ਗਿਆ। ਉੱਧਰ ਪਿਛਲੇ ਸਾਲ ਇਸੇ ਮਿਆਦ ’ਚ ਇਹ 13.12 ਡਾਲਰ ਪ੍ਰਤੀ ਬੈਰਲ ਸੀ। ਜੀ. ਆਰ. ਐੱਮ. ਕੱਚੇ ਤੇਲ ਨੂੰ ਪੈਟਰੋਲ ਅਤੇ ਡੀਜ਼ਲ ਵਰਗੇ ਈਂਧਣ ’ਚ ਬਦਲਣ ਨਾਲ ਹੋਣ ਵਾਲੇ ਲਾਭ ਨੂੰ ਮਾਪਦਾ ਹੈ।

ਕਿਉਂ ਆਈ ਮੁਨਾਫੇ ’ਚ ਇੰਨੀ ਵੱਡੀ ਗਿਰਾਵਟ?

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਅਤੇ ਖਪਤਕਾਰ ਹੈ। ਜੂਨ ਤੋਂ ਸ਼ੁਰੂ ਹੋਣ ਵਾਲੇ 4 ਮਹੀਨਿਆਂ ਦੇ ਮਾਨਸੂਨ ਸੀਜ਼ਨ ਦੌਰਾਨ ਈਂਧਣ ਦੀ ਮੰਗ ’ਚ ਆਮ ਤੌਰ ’ਤੇ ਗਿਰਾਵਟ ਦੇਖੀ ਜਾਂਦੀ ਹੈ। ਵੱਖ-ਵੱਖ ਖੇਤਰਾਂ ’ਚ ਇਸ ਦੌਰਾਨ ਹੜ੍ਹ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਈਂਧਣ ਦੀ ਮੰਗ ਘੱਟ ਹੋ ਜਾਂਦੀ ਹੈ। ਇਸ ਸਾਲ ਅਗਸਤ ਅਤੇ ਸਤੰਬਰ ’ਚ ਭਾਰਤ ’ਚ ਈਂਧਣ ਦੀ ਖਪਤ ’ਚ ਸਾਲ-ਦਰ-ਸਾਲ ਗਿਰਾਵਟ ਦਰਜ ਕੀਤੀ ਗਈ। ਸਤੰਬਰ ’ਚ ਇਹ 2 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੰੁਚ ਗਈ। ਵਿਸ਼ਵ ਪੱਧਰ ’ਤੇ ਸਤੰਬਰ ’ਚ ਖਤਮ ਤਿਮਾਹੀ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਭਗ 17 ਫੀਸਦੀ ਦੀ ਗਿਰਾਵਟ ਆਈ ਹੈ।

ਏਕੀਕ੍ਰਿਤ ਆਧਾਰ ’ਤੇ ਆਈ. ਓ. ਸੀ. ਨੇ ਦੂਜੀ ਤਿਮਾਹੀ ’ਚ 449 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ, ਜਦਕਿ ਪਿਛਲੇ ਸਾਲ ਇਸੇ ਤਿਮਾਹੀ ’ਚ 13,713 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਸੋਮਵਾਰ ਨੂੰ ਐੱਨ. ਐੱਸ. ਈ. ’ਤੇ ਇਸ ਦੇ ਸ਼ੇਅਰ 0.4 ਫੀਸਦੀ ਦੀ ਗਿਰਾਵਟ ਨਾਲ 145.74 ਰੁਪਏ ’ਤੇ ਬੰਦ ਹੋਏ।


author

Harinder Kaur

Content Editor

Related News