ਮਹਿੰਗੇ ਬੈਗ ਅਤੇ ਜੈਕਟਾਂ ਦੀ ਮੰਗ ’ਚ ਭਾਰੀ ਕਮੀ, ਸਸਤੇ ਉਤਪਾਦ ਉਤਾਰਨ ਨੂੰ ਮਜਬੂਰ ਹੋਏ ਲਗਜ਼ਰੀ ਬ੍ਰਾਂਡਜ਼
Sunday, Dec 22, 2024 - 09:02 PM (IST)
ਨਵੀਂ ਦਿੱਲੀ- ਡਿਜ਼ਾਈਨਰ ਅਤੇ ਲਗਜ਼ਰੀ ਬ੍ਰਾਂਡਜ਼ ਦੇ 3 ਤੋਂ 4 ਹਜ਼ਾਰ ਡਾਲਰ ਦੀ ਕੀਮਤ ਦੇ ਹੈਂਡ ਬੈਗ ਅਤੇ ਜੈਕੇਟਾਂ ਦੀ ਮੰਗ ’ਚ ਆਈ ਕਮੀ ਕਾਰਨ ਹੁਣ ਕੰਪਨੀਆਂ ਨੂੰ 500 ਡਾਲਰ ਜਾਂ ਉਸ ਤੋਂ ਘੱਟ ਕੀਮਤ ਦੇ ਸਕਾਰਫ, ਬੈਲਟ, ਵਾਲੇਟ ਅਤੇ ਘਰੇਲੂ ਸਾਮਾਨ ਵਰਗੇ ਉਤਪਾਦਾਂ ’ਤੇ ਧਿਆਨ ਕੇਂਦਰਿਤ ਕਰਨਾ ਪੈ ਰਿਹਾ ਹੈ।
ਗੁਚੀ, ਐੱਲ. ਵੀ. ਅਤੇ ਬਰਬਰੀ ਵਰਗੇ ਬ੍ਰਾਂਡਜ਼ ਹੁਣ ਕੀਮਤਾਂ ਨੂੰ ਲੈ ਕੇ ਜ਼ਿਆਦਾ ਸੰਵੇਦਨਸ਼ੀਲ ਮਿਡਲ ਕਲਾਸ ਦੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਘੱਟ ਪ੍ਰਾਈਸ ਰੇਂਜ ਵਾਲੇ ਉਤਪਾਦ ਬਾਜ਼ਾਰ ’ਚ ਉਤਾਰ ਰਹੇ ਹਨ। ਗੁਚੀ ਨੇ 440 ਡਾਲਰ ਦੀ ਪੈਂਟ ਲੀਸ਼ ਅਤੇ 200 ਡਾਲਰ ਦੇ ਬ੍ਰਾਂਡ ਲੋਗੋ ਵਾਲੇ ਚਿਪਚਿਪੇ ਨੋਟਸ ਦਾ ਸੈੱਟ ਬਾਜ਼ਾਰ ’ਚ ਉਤਾਰਿਆ ਹੈ, ਜਦੋਂ ਕਿ ਐੱਲ. ਵੀ. ਨੇ 360 ਡਾਲਰ ਦੇ ਕਾਰਡ ਹੋਲਡਰ ਅਤੇ 395 ਡਾਲਰ ਦੇ ਕੰਗਣ ਪੇਸ਼ ਕੀਤੇ ਹਨ, ਇਸ ਤੋਂ ਇਲਾਵਾ ਬਰਬਰੀ ਨੇ ਆਪਣੇ ਸਟੋਰ ਲੇਆਊਟ ਨੂੰ ਬਦਲ ਕੇ ‘ਸਕਾਰਫ ਬਾਰ’ ’ਤੇ ਫੋਕਸ ਕੀਤਾ ਹੈ। ਇਸ ਸਟੋਰ ’ਚ 450 ਤੋਂ 1,050 ਡਾਲਰ ਤੱਕ ਦੇ ਸਕਾਰਫ ਮਿਲਦੇ ਹਨ।
ਹਾਲਾਂਕਿ ਇਹ ਰਣਨੀਤੀ ਕੰਪਨੀਆਂ ਦੇ ਮੁਨਾਫੇ ’ਤੇ ਅਸਰ ਪਾ ਸਕਦੀ ਹੈ। ਦਰਅਸਲ ਕਈ ਲਗਜ਼ਰੀ ਬ੍ਰਾਂਡਜ਼ ਦੇ ਹੈਂਡ ਬੈਗਜ਼ ਦੀਆਂ ਕੀਮਤਾਂ ਪਿਛਲੇ ਦੋ ਸਾਲਾਂ ’ਚ ਕਾਫ਼ੀ ਵਧਾਈਆਂ ਗਈਆਂ ਹਨ ਅਤੇ ਪਰਾਡਾ, ਐੱਲ. ਵੀ., ਡਿਓਰ ਵਰਗੇ ਬ੍ਰਾਂਡਜ਼ ਨੇ ਫ੍ਰਾਂਸ ’ਚ ਕਈ ਬੈਗਜ਼ ਦੀਆਂ ਕੀਮਤਾਂ 2020 ਦੇ ਮੁਕਾਬਲੇ 2023 ’ਚ 50 ਫ਼ੀਸਦੀ ਜ਼ਿਆਦਾ ਵਧਾ ਦਿੱਤੀਆਂ ਹਨ ਅਜਿਹੇ ’ਚ ਹੁਣ ਕੰਪਨੀਆਂ ਨੂੰ ਮਿਡਲ ਕਲਾਸ ਗਾਹਕ ਗੁਆਚਣ ਦਾ ਖ਼ਤਰਾ ਸਤਾਅ ਰਿਹਾ ਹੈ। ਇਸ ਕਾਰਨ ਇਸ ਵਰਗ ਲਈ ਸਸਤੇ ਉਤਪਾਦ ਬਾਜ਼ਾਰ ’ਚ ਉਤਾਰੇ ਗਏ ਹਨ।
ਚੀਨ ਅਤੇ ਅਮਰੀਕਾ ’ਚ ਮੰਗ ’ਚ ਗਿਰਾਵਟ
ਸਿਟੀ ਦੇ ਕ੍ਰੈਡਿਟ ਕਾਰਡ ਡਾਟਾ ਅਨੁਸਾਰ, ਨਵੰਬਰ ’ਚ ਚੋਟੀ ਦੇ ਲਗਜ਼ਰੀ ਬ੍ਰਾਂਡਜ਼ ਦੇ ਉਤਪਾਦਾਂ ’ਤੇ ਅਮਰੀਕਾ ’ਚ ਖਰਚਾ ਸਾਲ-ਦਰ-ਸਾਲ 6 ਫੀਸਦੀ ਡਿੱਗ ਗਿਆ, ਜਿਸ ਨਾਲ ਛੁੱਟੀਆਂ ਦੇ ਮੌਸਮ ’ਚ ਇਕ ਨਿਰਾਸ਼ਾਜਨਕ ਸ਼ੁਰੂਆਤ ਹੋਈ। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤੋਂ ਬਾਅਦ, ਚਾਹਵਾਨ ਗਾਹਕਾਂ ਵਿਚਾਲੇ ਮੰਗ ਕਮਜ਼ੋਰ ਨਜ਼ਰ ਆ ਰਹੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਤਜਰਬਿਆਂ ’ਤੇ ਖਰਚੇ ਦੀ ਵਧਦੀ ਰੁਚੀ ਨਾਲ ਦਬਾਅ ਹੈ।
ਆਰ. ਬੀ. ਸੀ. ਅਨੁਸਾਰ, ਕੌਮਾਂਤਰੀ ਲਗਜ਼ਰੀ ਖਰੀਦਦਾਰਾਂ ਦੀ ਗਿਣਤੀ 60 ਮਿਲੀਅਨ ਘਟ ਕੇ 35 ਮਿਲੀਅਨ ਹੋ ਗਈ ਹੈ। ਚੀਨ, ਜੋ ਲਗਜ਼ਰੀ ਬਾਜ਼ਾਰ ਦਾ ਇਕ ਵੱਡਾ ਹਿੱਸਾ ਹੈ, ਉੱਥੇ ਜਾਇਦਾਦ ਸੰਕਟ ਅਤੇ ਨਜਵਾਨਾਂ ’ਚ ਬੇਰੋਜ਼ਗਾਰੀ ਕਾਰਨ ਮੰਗ ਕਮਜ਼ੋਰ ਰਹੀ ਹੈ। ਜੇ. ਪੀ. ਮਾਰਗਨ ਦਾ ਕਹਿਣਾ ਹੈ ਕਿ 2025 ’ਚ ਵੀ ਇਹ ਖੇਤਰ ਚੁਣੌਤੀ ਭਰਪੂਰ ਰਹੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਗਾਹਕ ਸਿਰਫ ਉੱਚ ਗੁਣਵੱਤਾ ਵਾਲੇ ਅਤੇ ਨਵੇਂ ਡਿਜ਼ਾਈਨਾਂ ’ਚ ਹੀ ਰੁਚੀ ਰੱਖਦੇ ਹਨ।
ਘੱਟ ਹੋ ਸਕਦਾ ਹੈ ਕੰਪਨੀਆਂ ਦਾ ਲਾਭ
ਘੱਟ ਕੀਮਤ ਵਾਲੇ ਉਤਪਾਦਾਂ ’ਤੇ ਧਿਆਨ ਕੇਂਦਰਿਤ ਕਰਨ ਨਾਲ ਲਗਜ਼ਰੀ ਬ੍ਰਾਂਡਜ਼ ਬਣਾਉਣ ਵਾਲੀਆਂ ਕੰਪਨੀਆਂ ਲਾਭ ਘੱਟ ਹੋ ਸਕਦਾ ਹੈ। ਪਰਾਡਾ ਦੇ ਸੀ. ਈ. ਓ. ਐਂਡ੍ਰੀਆ ਗੁਏਰਾ ਨੇ ਕਿਹਾ ਕਿ ਬ੍ਰਾਂਡ ਆਪਣੇ ਪ੍ਰਾਈਸ ਰੇਂਜ ਨੂੰ ‘ਵਧਾਉਣ’ ਦੀ ਕੋਸ਼ਿਸ਼ ਕਰ ਰਿਹਾ ਹੈ। ਬਰਬਰੀ ਦੇ ਸੀ. ਈ. ਓ. ਜੋਸ਼ੂਆ ਸ਼ਲਮੈਨ ਨੇ ਵੀ ਐਂਟਰੀ-ਲੈਵਲ ਉਤਪਾਦਾਂ ਨੂੰ ਵਧਾਉਣ ਦੀ ਗੱਲ ਕਹੀ। ਹਾਲਾਂਕਿ, ਐੱਲ. ਵੀ. ਐੱਮ. ਐੱਚ. ਦੇ ਮੁੱਖ ਵਿੱਤੀ ਅਧਿਕਾਰੀ ਜੀਨ ਜੈਕਸ ਗੁਇਓਨੀ ਨੇ ਚਿਤਾਵਨੀ ਦਿੱਤੀ ਕਿ ਬਹੁਤ ਜ਼ਿਆਦਾ ਸਸਤੇ ਉਤਪਾਦ ਬ੍ਰਾਂਡ ਦੀ ਵਿਸ਼ੇਸ਼ਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ, ‘‘ਇਹ ਇਕ ਗਲਤੀ ਹੋਵੇਗੀ।’’