ਹਾਰਲੇ ਡੇਵਿਡਸਨ ਨੇ ਸ਼ੁਰੂ ਕੀਤੀ ਮੋਟਰਸਾਈਕਲ ਦੀ ਹੋਮ ਡਲਿਵਰੀ

Saturday, May 16, 2020 - 12:42 AM (IST)

ਹਾਰਲੇ ਡੇਵਿਡਸਨ ਨੇ ਸ਼ੁਰੂ ਕੀਤੀ ਮੋਟਰਸਾਈਕਲ ਦੀ ਹੋਮ ਡਲਿਵਰੀ

ਨਵੀਂ ਦਿੱਲੀ (ਭਾਸ਼ਾ)-ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਹਾਰਲੇ ਡੇਵਿਡਸਨ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦੇਸ਼ 'ਚ ਲਾਗੂ ਲਾਕਡਾਊਨ ਦੇ ਮੱਦੇਨਜ਼ਰ ਮੋਟਰਸਾਈਕਲ ਦੀ ਸਿੱਧੀ ਘਰ 'ਤੇ ਸਪਲਾਈ ਕਰਨ ਦੀ ਸੇਵਾ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਵਾਰੰਟੀ ਸੇਵਾਵਾਂ ਦੇ ਖਤਮ ਹੋਣ ਦੀ ਸਮਾਂ-ਹੱਦ ਨੂੰ ਵਧਾਉਣ ਦੇ ਨਾਲ ਹੀ ਬਾਈਕ ਦੀ ਹੋਮ ਡਿਲਿਵਰੀ ਸ਼ੁਰੂ ਕੀਤੀ ਹੈ।

ਇਸ ਨਾਲ ਗਾਹਕਾਂ ਨੂੰ ਐੱਚ. ਡੀ. ਡਾਟ ਕਾਮ 'ਤੇ ਹਾਰਲੇ ਡੇਵਿਡਸਨ ਦੇ ਵੱਖ-ਵੱਖ ਮਾਡਲ ਨੂੰ ਦੇਖਣ ਤੋਂ ਬਾਅਦ ਡੀਲਰ ਲੋਕੇਟਰ ਰਾਹੀਂ ਨੇੜਲੇ ਡੀਲਰ ਨਾਲ ਸੰਪਰਕ ਕਰਨ ਦੀ ਸਹੂਲਤ ਮਿਲੇਗੀ। ਇਸ ਤੋਂ ਬਾਅਦ ਗਾਹਕ ਡੀਲਰ ਦੇ ਨਾਲ ਖਰੀਦ ਅਤੇ ਭੁਗਤਾਨ ਬਾਰੇ ਗੱਲਾਂ ਕਰ ਸਕਦੇ ਹਨ। ਡੀਲਰ ਸਟੋਰ ਤੋਂ 40 ਕਿਲੋਮੀਟਰ ਦੇ ਘੇਰੇ 'ਚ ਹੋਮ ਡਲਿਵਰੀ ਫ੍ਰੀ ਹੋਵੇਗੀ। ਇਸ ਘੇਰੇ ਤੋਂ ਬਾਹਰ ਦੀ ਹੋਮ ਡਲਿਵਰੀ 'ਤੇ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਵਾਧੂ ਚਾਰਜ ਦੇਣਾ ਹੋਵੇਗਾ।

ਹਾਰਲੇ ਡੇਵਿਡਸਨ ਦੇ ਪ੍ਰਬੰਧ ਨਿਰਦੇਸ਼ਕ ਸਜੀਵ ਰਾਜੀਸ਼ੇਖਰਨ ਨੇ ਕਿਹਾ ਕਿ ਅਨੁਭਵਾਂ 'ਤੇ ਆਧਾਰਿਤ ਸਾਡੇ ਵਰਗੇ ਬ੍ਰਾਂਡਾਂ ਲਈ ਗਾਹਕਾਂ ਅਤੇ ਉਤਸੁਕ ਲੋਕਾਂ ਦੇ ਸਪੰਰਕ 'ਚ ਬਣੇ ਰਹਿਣਾ ਮਹੱਤਵਪੂਰਣ ਹੈ। ਸਾਨੂੰ ਉਨ੍ਹਾਂ ਦਾ ਉਤਸ਼ਾਹ ਬਣਾਏ ਰੱਖਣ ਲਈ ਕੋਈ ਮੁਹਿੰਮ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੁਹਿੰਮਾਂ ਤਹਿਤ ਉਨ੍ਹਾਂ ਗਾਹਕਾਂ ਨੂੰ ਵਾਰੰਟੀ 'ਤੇ 30 ਦਿਨਾਂ ਦਾ ਵਿਸਤਾਰ ਦੇਣ ਦਾ ਫੈਸਲਾ ਲਿਆ ਗਿਆ ਹੈ, ਜਿਨ੍ਹਾਂ ਦੇ ਉਤਪਾਦ ਦੀ ਵਾਰੰਟੀ ਲਾਕਡਾਊਨ ਦੌਰਾਨ ਖਤਮ ਹੋ ਰਹੀ ਹੈ।


author

Karan Kumar

Content Editor

Related News