ਮਹਿੰਗਾਈ ਨੂੰ ਸੰਭਾਲਣ ਲਈ ਆਰ. ਬੀ. ਆਈ. ਨੂੰ ਬਿਹਤਰ ਤਾਲਮੇਲ ਦੀ ਲੋੜ : ਸੀਤਾਰਮਣ
Thursday, Sep 08, 2022 - 03:43 PM (IST)

ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਮਹਿੰਗਾਈ ’ਤੇ ਕਾਬੂ ਪਾਉਣ ਲਈ ਵਿੱਤੀ ਨੀਤੀ ਅਤੇ ਹੋਰ ਕਾਰਕਾਂ ਨਾਲ ਵਧੇਰੇ ਬਿਹਤਰ ਢੰਗ ਨਾਲ ਤਾਲਮੇਲ ਕਰਨਾ ਹੋਵੇਗਾ। ਉਨ੍ਹਾਂ ਨੇ ਆਰਥਿਕ ਥਿੰਕ ਟੈਂਕ ਇਕਰੀਅਰ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਮਹਿੰਗਾਈ ਪ੍ਰਬੰਧਨ ਨੂੰ ਸਿਰਫ ਮੁਦਰਾ ਨੀਤੀ ’ਤੇ ਨਹੀਂ ਛੱਡਿਆ ਜਾ ਸਕਦਾ ਜੋ ਕਈ ਦੇਸ਼ਾਂ ’ਚ ਪੂਰੀ ਤਰ੍ਹਾਂ ਨਾਲ ਗੈਰ-ਪ੍ਰਭਾਵੀ ਸਾਬਤ ਹੋਈ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਆਰ. ਬੀ. ਆਈ. ਨੂੰ ਕੁੱਝ ਹੱਦ ਤੱਕ ਤਾਲਮੇਲ ਕਰਨਾ ਹੋਵੇਗਾ। ਹੋ ਸਕਦਾ ਹੈ ਕਿ ਇਹ ਤਾਲਮੇਲ ਓਨਾ ਨਾ ਹੋਵੇ, ਜਿੰਨਾ ਕਿ ਹੋਰ ਪੱਛਮੀ ਵਿਕਸਿਤ ਦੇਸ਼ਾਂ ’ਚ ਹੁੰਦਾ ਹੈ। ਮੈਂ ਰਿਜ਼ਰਵ ਬੈਂਕ ਨੂੰ ਕੁੱਝ ਦੱਸ ਨਹੀਂ ਰਹੀ ਹਾਂ...ਮੈਂ ਆਰ. ਬੀ. ਆਈ. ਨੂੰ ਕੋਈ ਅੱਗੇ ਦਾ ਹੁਕਮ ਨਹੀਂ ਦੇ ਰਹੀ ਹਾਂ ਪਰ ਸੱਚਾਈ ਇਹ ਹੈ ਕਿ ਭਾਰਤ ਦੀ ਅਰਥਵਿਵਸਥਾ ਨੂੰ ਸੰਭਾਲਣ ਲਈ ਮੁਦਰਾ ਨੀਤੀ ਦੇ ਨਾਲ ਹੀ ਵਿੱਤੀ ਨੀਤੀ ਨੂੰ ਵੀ ਕੰਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਅਰਥਵਿਵਸਥਾਵਾਂ ਹਨ, ਜਿੱਥੇ ਨੀਤੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਮਹਿੰਗਾਈ ਨੂੰ ਸੰਭਾਲਣ ਲਈ ਮੁਦਰਾ ਨੀਤੀ ਅਤੇ ਵਿਆਜ ਦਰ ਪ੍ਰਬੰਧਨ ਇਕੋ-ਇਕ ਸਾਧਨ ਹੈ। ਸੀਤਾਰਮਣ ਨੇ ਕਿਹਾ ਕਿ ਮੈਂ ਕਹਾਂਗੀ ਕਿ ਭਾਰਤ ਦਾ ਮਹਿੰਗਾਈ ਪ੍ਰਬੰਧਨ ਕਈ ਵੱਖ-ਵੱਖ ਗਤੀਵਿਧੀਆਂ ਦੀ ਸਾਂਝੀ ਕਵਾਇਦ ਹੈ ਅਤੇ ਜਿਨ੍ਹਾਂ ’ਚੋਂ ਜ਼ਿਆਦਾਤਰ ਅੱਜ ਦੇ ਹਾਲਾਤਾਂ ’ਚ ਮੁਦਰਾ ਨੀਤੀ ਤੋਂ ਬਾਹਰ ਹੈ।