ਫਰਜ਼ੀ ਕਲੇਮ ਨੂੰ ਲੈ ਕੇ 2500 ਕਾਰੋਬਾਰੀਆਂ ’ਤੇ ਸ਼ਿਕੰਜਾ,  GST ਰੀਫੰਡ ਰੋਕਿਆ

01/29/2020 10:06:27 AM

ਨਵੀਂ ਦਿੱਲੀ — ਸਰਕਾਰ ਨੇ ਫਰਜ਼ੀ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕਲੇਮ ਕਰਨ ਵਾਲੇ ਕਾਰੋਬਾਰੀਆਂ ’ਤੇ ਵੱਡੀ ਕਾਰਵਾਈ ਕੀਤੀ ਹੈ। 2500 ਕਾਰੋਬਾਰੀਆਂ ’ਤੇ ਸ਼ਿਕੰਜਾ ਕੱਸਦਿਆਂ ਸਰਕਾਰ ਨੇ 40,000 ਕਰੋਡ਼ ਰੁਪਏ ਦਾ ਜੀ. ਐੱਸ. ਟੀ. ਰੀਫੰਡ ਰੋਕ ਦਿੱਤਾ ਹੈ। ਜੀ. ਐੱਸ. ਟੀ. ਰੀਫੰਡ ’ਤੇ ਇਸ ਕਾਰਵਾਈ ਦੀ ਵਜ੍ਹਾ ਜੀ. ਐੱਸ. ਟੀ. ਇਨਵਾਇਸ ’ਚ ਮਿਲਾਨ ਨਾ ਹੋਣਾ ਹੈ। ਕਾਰੋਬਾਰੀਆਂ ਦੇ ਰਿਟਰਨ ਨਾ ਦਾਖਲ ਕਰਨ ’ਤੇ ਕਾਰਵਾਈ ਹੋਈ ਹੈ। ਕਈ ਮਾਮਲਿਆਂ ’ਚ ਸਪਲਾਇਰ ਵੱਲੋਂ ਇਨਵਾਇਸ ਅਪਲੋਡ ਨਹੀਂ ਹੋਇਆ ਹੈ। ਬਾਇਰਜ਼ ਦਾ ਫਰਜ਼ੀ ਇਨਵਾਇਸ ਅਪਲੋਡ ਕਰ ਕੇ ਕ੍ਰੈਡਿਟ ਕਲੇਮ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 20 ਫ਼ੀਸਦੀ ਤੱਕ ਮਿਸਮੈਚ ਮਾਮਲਿਆਂ ’ਚ ਕ੍ਰੈਡਿਟ ਜਾਰੀ ਹੁੰਦਾ ਸੀ। ਹੁਣ ਸਖਤੀ ਵਧਾ ਕੇ ਮਿਸਮੈਚ ਨੂੰ 10 ਫ਼ੀਸਦੀ ਕੀਤਾ ਗਿਆ ਹੈ, ਯਾਨੀ 10 ਫ਼ੀਸਦੀ ਤੋਂ ਜ਼ਿਆਦਾ ਇਨਵਾਇਸ ਮਿਸਮੈਚ ’ਤੇ ਕ੍ਰੈਡਿਟ ਰੁਕੇਗਾ।

ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ.) ਨੇ ਬਰਾਮਦਕਾਰਾਂ ਦਾ ਇਹ ਰੀਫੰਡ ਰੋਕਿਆ ਹੈ। ਸੀ. ਬੀ. ਆਈ. ਸੀ. ਨੇ ਆਪਣੇ ਫੀਲਡ ਦਫਤਰਾਂ ਨੂੰ ਹੁਕਮ ਦਿੱਤਾ ਹੈ ਕਿ ਇਨ੍ਹਾਂ ਬਰਾਮਦਕਾਰਾਂ ਦੀ ਤੈਅ ਸਮੇਂ ਦੇ ਅੰਦਰ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਕਿ ਈਮਾਨਦਾਰ ਬਰਾਮਦਕਾਰਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ। 23 ਜਨਵਰੀ ਨੂੰ ਜਾਰੀ ਇਕ ਸਰਕੁਲਰ ’ਚ ਸੀ. ਬੀ. ਆਈ. ਸੀ. ਦੇ ਜੀ. ਐੱਸ. ਟੀ. ਪਾਲਿਸੀ ਵਿੰਗ ਨੇ ਆਪਣੇ ਸਾਰੇ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਸਾਰੇ ਬਰਾਮਦਕਾਰਾਂ ਨੂੰ ਇਸ ਦੀ ਜਾਣਕਾਰੀ ਦੇ ਦੇਣ, ਜਿਨ੍ਹਾਂ ਦੇ ਮਾਮਲੇ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਤਾਂ ਕਿ ਉਨ੍ਹਾਂ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਫੰਡ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਹੋ ਸਕੇ। ਸਰਕੁਲਰ ’ਚ ਕਿਹਾ ਗਿਆ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਫਰਜ਼ੀ ਤਰੀਕੇ ਨਾਲ ਕ੍ਰੈਡਿਟ ਹਾਸਲ ਕਰ ਕੇ ਪੈਸਾ ਹਾਸਲ ਕਰਨ ਜਾਂ ਬਰਾਮਦ ਵਸਤਾਂ ’ਤੇ ਆਈ. ਜੀ. ਐੱਸ. ਟੀ. ਦੇ ਰੀਫੰਡ ਨਾਲ ਗ਼ੈਰ-ਕਾਨੂੰਨੀ ਤਰੀਕੇ ਨਾਲ ਕ੍ਰੈਡਿਟ ਹਾਸਲ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਵੈਰੀਫਿਕੇਸ਼ਨ ਕਰਨ ’ਤੇ ਕਈ ਬਰਾਮਦਕਾਰਾਂ ਦੀ ਹੋਂਦ ਹੀ ਨਹੀਂ ਮਿਲੀ। ਇਨ੍ਹਾਂ ਸਾਰੇ ਮਾਮਲਿਆਂ ’ਚ ਇਹ ਪਾਇਆ ਗਿਆ ਕਿ ਬਰਾਮਦਕਾਰਾਂ ਨੇ ਫਰਜ਼ੀ ਬਿੱਲ ਦੇ ਆਧਾਰ ’ਤੇ ਇਨਪੁਟ ਟੈਕਸ ਕ੍ਰੈਡਿਟ ਹਾਸਲ ਕੀਤੇ ਅਤੇ ਇਸ ਆਈ. ਟੀ. ਸੀ. ਦੀ ਵਰਤੋਂ ਕਰ ਕੇ ਬਰਾਮਦ ’ਤੇ ਆਈ. ਜੀ. ਐੱਸ. ਟੀ. ਰੀਫੰਡ ਲਿਆ।

ਜਨਵਰੀ ’ਚ ਸਰਕਾਰ ਦੇ ਖਜ਼ਾਨੇ ’ਚ ਆਉਣਗੇ 1.13 ਲੱਖ ਕਰੋੜ!
ਇਸ ਸਾਲ ਜਨਵਰੀ ’ਚ ਲਗਾਤਾਰ ਤੀਸਰੇ ਮਹੀਨੇ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ’ਚ ਵਾਧੇ ਦਾ ਅੰਦਾਜ਼ਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਮਹੀਨੇ ਦੀ ਜੀ. ਐੱਸ. ਟੀ. ਕੁਲੈਕਸ਼ਨ ਨਾਲ ਉਸ ਦੇ ਖਜ਼ਾਨੇ ’ਚ 1.08 ਲੱਖ ਕਰੋਡ਼ ਤੋਂ ਲੈ ਕੇ 1.13 ਲੱਖ ਕਰੋਡ਼ ਰੁਪਏ ਤੱਕ ਆ ਸਕਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਨਵੰਬਰ, 2019 ’ਚ ਜੀ. ਐੱਸ. ਟੀ. ਕੁਲੈਕਸ਼ਨ 1 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਹੋਈ। ਦਸੰਬਰ, 2019 ’ਚ ਜੀ. ਐੱਸ. ਟੀ. ਕੁਲੈਕਸ਼ਨ 1,03,184 ਕਰੋਡ਼ ਰੁਪਏ ਤੱਕ ਸੀ। ਦਸੰਬਰ, 2018 ਦੇ ਮੁਕਾਬਲੇ ਇਸ ’ਚ 9 ਫ਼ੀਸਦੀ ਦਾ ਉਛਾਲ ਆਇਆ। ਦਸੰਬਰ, 2018 ’ਚ ਕੁਲ ਜੀ. ਐੱਸ. ਟੀ. ਕੁਲੈਕਸ਼ਨ 97,276 ਕਰੋਡ਼ ਰੁਪਏ ਸੀ।

ਦਸੰਬਰ, 2019 ਦੀ ਕੁਲ 1.03 ਲੱਖ ਕਰੋਡ਼ ਰੁਪਏ ਜੀ. ਐੱਸ. ਟੀ. ਕੁਲੈਕਸ਼ਨ ’ਚੋਂ ਸੀ. ਜੀ. ਐੱਸ. ਟੀ. (ਕੇਂਦਰ ਸਰਕਾਰ ਦੀ ਜੀ. ਐੱਸ. ਟੀ. ਪ੍ਰਾਪਤੀ) 19,962 ਕਰੋਡ਼ ਅਤੇ ਸੂਬਾ ਸਰਕਾਰ ਦੀ ਜੀ. ਐੱਸ. ਟੀ. ਕੁਲੈਕਸ਼ਨ ਯਾਨੀ ਐੱਸ. ਜੀ. ਐੱਸ. ਟੀ. 26,792 ਕਰੋਡ਼ ਰੁਪਏ ਸੀ। ਇਸ ਤੋਂ ਇਲਾਵਾ ਆਈ. ਜੀ. ਐੱਸ. ਟੀ. ਯਾਨੀ ਏਕੀਕ੍ਰਿਤ ਵਸਤੂ ਅਤੇ ਸੇਵਾ ਕਰ 48,099 ਕਰੋਡ਼ ਰੁਪਏ ਅਤੇ ਸੈੱਸ 8331 ਕਰੋਡ਼ ਰੁਪਏ ਸੀ। ਇਸ 8331 ਕਰੋਡ਼ ਰੁਪਏ ’ਚੋਂ 847 ਕਰੋਡ਼ ਰੁਪਏ ਇੰਪੋਰਟ ਡਿਊਟੀ ਕੁਲੈਕਸ਼ਨ ਤੋਂ ਹਾਸਲ ਹੋਏ ਹਨ।

ਕਿਸ ਸੂਬੇ ’ਚ ਹੋਈ ਸਭ ਤੋਂ ਜ਼ਿਆਦਾ ਕੁਲੈਕਸ਼ਨ

ਸਭ ਤੋਂ ਜ਼ਿਆਦਾ ਕੁਲੈਕਸ਼ਨ ਮਹਾਰਾਸ਼ਟਰ ਤੋਂ ਹੋਈ ਸੀ। ਉਸ ਤੋਂ ਬਾਅਦ ਦੂਜੇ ਨੰਬਰ ’ਤੇ ਕਰਨਾਟਕ ਹੈ। ਵੈਸੇ ਤਾਂ ਪਿਛਲੇ 3 ਮਹੀਨਿਆਂ ’ਚ ਜੀ. ਐੱਸ. ਟੀ. ਕੁਲੈਕਸ਼ਨ 1 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਰਹੀ ਹੈ। ਇਸ ਦੇ ਬਾਵਜੂਦ ਜ਼ਿਆਦਾਤਰ ਸੂਬੇ ਆਪਣਾ ਕੁਲੈਕਸ਼ਨ ਟਾਰਗੈੱਟ ਹਾਸਲ ਨਹੀਂ ਕਰ ਸਕੇ ਹਨ। ਸਰਕਾਰ ਨੇ ਵਿੱਤੀ ਸਾਲ 2019-20 ਲਈ 6,63,343 ਲੱਖ ਕਰੋਡ਼ ਰੁਪਏ ਦਾ ਟਾਰਗੈੱਟ ਰੱਖਿਆ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ’ਚ ਦੱਸਿਆ ਸੀ ਕਿ ਅਕਤੂਬਰ, 2019 ਤੱਕ ਸਰਕਾਰ ਸਿਰਫ ਇਸ ਦਾ ਅੱਧਾ ਹਾਸਲ ਕਰ ਸਕੀ ਸੀ।


Related News