ਵਿਸ਼ੇਸ਼ ਖਾਦਾਂ ਦੀ ਵਧ ਰਹੀ ਮੰਗ, ਸਰਕਾਰ ਰਜਿਸਟ੍ਰੇਸ਼ਨ ਪ੍ਰਕਿਰਿਆ ’ਚ ਸੁਧਾਰ ਦੀ ਤਿਆਰੀ ’ਚ!

Monday, Jun 15, 2026 - 10:44 AM (IST)

ਵਿਸ਼ੇਸ਼ ਖਾਦਾਂ ਦੀ ਵਧ ਰਹੀ ਮੰਗ, ਸਰਕਾਰ ਰਜਿਸਟ੍ਰੇਸ਼ਨ ਪ੍ਰਕਿਰਿਆ ’ਚ ਸੁਧਾਰ ਦੀ ਤਿਆਰੀ ’ਚ!

ਬਿਜ਼ਨੈੱਸ ਡੈਸਕ :- ਕੇਂਦਰ ਸਰਕਾਰ ਦਾ ਖਾਦ ਸਬਸਿਡੀ ਬਿੱਲ ਸਾਲ 2026-27 ’ਚ ਰਿਕਾਰਡ 3.40 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਹ ਬਜਟ ’ਚ ਨਿਰਧਾਰਿਤ 1.70 ਲੱਖ ਕਰੋੜ ਰੁਪਏ ਤੋਂ ਲੱਗਭਗ ਦੁੱਗਣਾ ਹੈ ਅਤੇ ਸਾਲ 2022-23 ਦੇ 2.51 ਲੱਖ ਕਰੋੜ ਰੁਪਏ ਦੇ ਪਿਛਲੇ ਰਿਕਾਰਡ ਨੂੰ ਵੀ ਪਾਰ ਕਰ ਜਾਵੇਗਾ।

ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ! ਰਿਕਾਰਡ ਪੱਧਰ ਤੋਂ 25 ਫ਼ੀਸਦੀ ਡਿੱਗੇ ਚੁੱਕੇ ਹਨ ਰੇਟ

ਵਧਦੇ ਵਿੱਤੀ ਬੋਝ ਵਿਚਾਲੇ ਸਰਕਾਰ ਖਾਦਾਂ ਦੇ ਖੇਤਰ ’ਚ ਮਹੱਤਵਪੂਰਨ ਸੁਧਾਰਾਂ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰ ਹੁਣ ਅਜਿਹੀਆਂ ਖਾਦਾਂ ਨੂੰ ਲਾਜ਼ਮੀ ਫੀਲਡ ਟ੍ਰਾਇਲ ਤੋਂ ਛੋਟ ਦੇਣ ’ਤੇ ਵਿਚਾਰ ਕਰ ਰਹੀ ਹੈ, ਜੋ ਪਹਿਲਾਂ ਤੋਂ ਨਿਰਧਾਰਿਤ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ। ਖੇਤੀਬਾੜੀ ਮੰਤਰਾਲਾ ਅਨੁਸਾਰ ਇਸ ਪ੍ਰਸਤਾਵ ’ਤੇ ਸਿਧਾਂਤਕ ਤੌਰ ’ਤੇ ਸਹਿਮਤੀ ਬਣ ਚੁੱਕੀ ਹੈ ਅਤੇ ਉਦਯੋਗ, ਆਈ. ਸੀ. ਏ. ਆਰ. ਅਤੇ ਸੂਬਿਆਂ ਨਾਲ ਚਰਚਾ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ।

ਇਕ ਰਿਪੋਰਟ ਮੁਤਾਬਕ ਮੌਜੂਦਾ ਨਿਯਮਾਂ ਅਨੁਸਾਰ ਭਾਰਤ ’ਚ ਕਿਸੇ ਵੀ ਨਵੀਂ ਖਾਦ ਨੂੰ ਬਾਜ਼ਾਰ ’ਚ ਉਤਾਰਨ ਤੋਂ ਪਹਿਲਾਂ ਖਾਦ (ਕੰਟਰੋਲ) ਆਦੇਸ਼, 1985 ਤਹਿਤ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਇਸ ਲਈ ਕੰਪਨੀਆਂ ਨੂੰ ਉਤਪਾਦ ਦਾ ਰਸਾਇਣਕ ਢਾਂਚਾ, ਨਿਰਮਾਣ ਪ੍ਰਕਿਰਿਆ ਅਤੇ ਸੁਰੱਖਿਆ ਸਬੰਧੀ ਵਿਸਤ੍ਰਿਤ ਜਾਣਕਾਰੀ ਜਮ੍ਹਾ ਕਰਨੀ ਪੈਂਦੀ ਹੈ।

ਇਸ ਤੋਂ ਬਾਅਦ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ. ਸੀ. ਏ. ਆਰ.) ਅਤੇ ਖੇਤੀਬਾੜੀ ਯੂਨੀਵਰਸਿਟੀਆਂ ਰਾਹੀਂ ਵੱਖ-ਵੱਖ ਖੇਤਰਾਂ ’ਚ ਘੱਟੋ-ਘੱਟ 2 ਫਸਲ ਚੱਕਰਾਂ ਤੱਕ ਫੀਲਡ ਟ੍ਰਾਇਲ ਕੀਤੇ ਜਾਂਦੇ ਹਨ। ਪੂਰੀ ਪ੍ਰਕਿਰਿਆ ਪੂਰੀ ਹੋਣ ’ਚ 800 ਤੋਂ ਜ਼ਿਆਦਾ ਦਿਨ ਲੱਗ ਜਾਂਦੇ ਹਨ, ਜਦੋਂਕਿ ਅਮਰੀਕਾ, ਜਾਪਾਨ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ ਅਤੇ ਵਿਅਤਨਾਮ ’ਚ ਇਹ ਪ੍ਰਕਿਰਿਆ ਕਾਫੀ ਘੱਟ ਸਮੇਂ ’ਚ ਪੂਰੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ :  ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ

ਵਿਸ਼ੇਸ਼ ਖਾਦਾਂ ਦੀ ਵਧ ਰਹੀ ਮੰਗ

ਦੇਸ਼ ’ਚ ਜਲ ’ਚ ਘੁਲਣਸ਼ੀਲ ਖਾਦ (ਡਬਲਯੂ. ਐੱਸ. ਐੱਫ.), ਸੂਖਮ ਪੌਸ਼ਟਿਕ ਤੱਤ, ਤਰਲ ਖਾਦ, ਨੈਨੋ ਖਾਦ ਅਤੇ ਬਾਇਓ-ਸਟਿਮੂਲੈਂਟਸ ਵਰਗੀਆਂ ਵਿਸ਼ੇਸ਼ ਖਾਦਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਉਤਪਾਦਾਂ ਦੀ ਵਰਤੋਂ ਵਿਸ਼ੇਸ਼ ਰੂਪ ’ਚ ਬਾਗਬਾਨੀ ਫਸਲਾਂ, ਡਰਿੱਪ ਸਿੰਚਾਈ ਅਤੇ ਉੱਚ ਮੁੱਲ ਵਾਲੀ ਖੇਤੀ ’ਚ ਕੀਤੀ ਜਾਂਦੀ ਹੈ।

ਇਨ੍ਹਾਂ ਖਾਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੌਦਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਪੌਸ਼ਟਿਕ ਤੱਤ ਉਪਲੱਬਧ ਕਰਵਾਉਂਦੇ ਹਨ, ਜਿਸ ਨਾਲ ਉਤਪਾਦਨ ਅਤੇ ਗੁਣਵੱਤਾ ਦੋਵਾਂ ’ਚ ਸੁਧਾਰ ਹੋਵੇਗਾ।

ਯਾਰਾ ਇੰਟਰਨੈਸ਼ਨਲ ਅਤੇ ਡੀ. ਸੀ. ਐੱਮ. ਸ਼੍ਰੀਰਾਮ ਵਰਗੀਆਂ ਕੰਪਨੀਆਂ ਵੱਖ-ਵੱਖ ਫਸਲਾਂ ਲਈ ਵਿਸ਼ੇਸ਼ ਪਾਣੀ ’ਚ ਘੁਲਣਸ਼ੀਲ ਖਾਦ ਵਿਕਸਤ ਕਰ ਰਹੀਆਂ ਹਨ। ਇਨ੍ਹਾਂ ਖਾਦਾਂ ਨੂੰ ਡਰਿਪ ਸਿੰਚਾਈ ਜਾਂ ਪੱਤਿਆਂ ’ਤੇ ਛਿੜਕਾਅ ਰਾਹੀਂ ਸਿੱਧਾ ਪੌਦਿਆਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਡੀ. ਸੀ. ਐੱਮ. ਸ਼੍ਰੀਰਾਮ ਨੇ ਅੰਗੂਰ, ਅਨਾਰ ਅਤੇ ਸਬਜ਼ੀਆਂ ਲਈ ਵੱਖ-ਵੱਖ ਵਿਕਾਸ ਪੜਾਵਾਂ ਦੇ ਅਨੁਕੂਲ ਵਿਸ਼ੇਸ਼ ਖਾਦ ਵਿਕਸਤ ਕੀਤੀ ਹੈ। ਇਨ੍ਹਾਂ ਨਾਲ ਪੌਦਿਆਂ ਨੂੰ ਸਹੀ ਸਮੇਂ ’ਤੇ ਸਹੀ ਮਾਤਰਾ ’ਚ ਪੋਸ਼ਣ ਮਿਲਦਾ ਹੈ, ਜਿਸ ਨਾਲ ਫਲਾਂ ਦਾ ਆਕਾਰ, ਵਜ਼ਨ ਅਤੇ ਗੁਣਵੱਤਾ ਬਿਹਤਰ ਹੁੰਦੀ ਹੈ।

ਇਹ ਵੀ ਪੜ੍ਹੋ :    30 ਜੂਨ ਤੋਂ ਬਦਲ ਜਾਏਗੀ ਭਾਰਤੀ ਕਰੰਸੀ ! ਪਲਾਸਟਿਕ ਦੇ ਨੋਟਾਂ ਬਾਰੇ ਸਰਕਾਰ ਨੇ ਦੇ'ਤਾ ਵੱਡਾ ਬਿਆਨ

ਰਵਾਇਤੀ ਖਾਦਾਂ ਤੋਂ ਕਿਤੇ ਵੱਧ ਹੈ ਕੁਸ਼ਲਤਾ

ਮਾਹਿਰਾਂ ਅਨੁਸਾਰ ਯੂਰੀਆ ਦੀ ਪੌਸ਼ਟਿਕ ਖਾਦ ਕੁਸ਼ਲਤਾ (ਐੱਨ. ਯੂ. ਈ.) ਸਿਰਫ 30 ਤੋਂ 40 ਫੀਸਦੀ ਹੁੰਦੀ ਹੈ। ਭਾਵ ਪਾਈ ਗਈ ਖਾਦ ਦਾ ਵੱਡਾ ਹਿੱਸਾ ਵਾਸ਼ਪੀਕਰਨ ਜਾਂ ਰਿਸਾਅ ਜ਼ਰੀਏ ਨਸ਼ਟ ਹੋ ਜਾਂਦਾ ਹੈ। ਡੀ. ਏ. ਪੀ. ’ਚ ਇਹ ਕੁਸ਼ਲਤਾ ਹੋਰ ਵੀ ਘੱਟ, 15 ਤੋਂ 25 ਫੀਸਦੀ ਤੱਕ ਰਹਿੰਦੀ ਹੈ। ਇਸ ਦੇ ਉਲਟ ਕੰਟਰੋਲਡ ਰਿਲੀਜ਼ ਖਾਦਾਂ ’ਚ ਇਹ ਕੁਸ਼ਲਤਾ 60 ਤੋਂ 70 ਫੀਸਦੀ ਅਤੇ ਪਾਣੀ ’ਚ ਘੁਲਣਸ਼ੀਲ ਤੇ ਤਰਲ ਖਾਦਾਂ ’ਚ 80 ਤੋਂ 95 ਫੀਸਦੀ ਤੱਕ ਪਹੁੰਚ ਜਾਂਦੀ ਹੈ। ਇਸ ਨਾਲ ਘੱਟ ਮਾਤਰਾ ’ਚ ਖਾਦ ਪਾ ਕੇ ਵੀ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਤੇ ਉਸਦੇ ਪਰਿਵਾਰ ਨੇ ਕਮਾਇਆ ਦੁੱਗਣਾ ਮੁਨਾਫ਼ਾ, ਮੁੰਬਈ ਦੇ ਅੰਧੇਰੀ 'ਚ ਵੇਚੇ ਚਾਰ ਅਪਾਰਟਮੈਂਟ

ਉੱਥੇ ਹੀ ਬਾਇਓ-ਸਟਿਮੂਲੈਂਟਸ ਅਜਿਹੇ ਉਤਪਾਦ ਹਨ, ਜਿਨ੍ਹਾਂ ’ਚ ਸਿੱਧੇ ਪੌਸ਼ਟਿਕ ਤੱਤ ਨਹੀਂ ਹੁੰਦੇ ਪਰ ਇਹ ਪੌਦਿਆਂ ਦੀਆਂ ਅੰਦਰੂਨੀ ਜੈਵਿਕ ਪ੍ਰਕਿਰਿਆਵਾਂ ਨੂੰ ਸਰਗਰਮ ਕਰ ਕੇ ਖਾਦਾਂ ਦੀ ਵਰਤੋਂ ਦੀ ਕੁਸ਼ਲਤਾ ਵਧਾਉਂਦੇ ਹਨ। ਇਹ ਸੂਖਮ ਜੀਵਾਂ, ਸਮੁੰਦਰੀ ਸ਼ੈਵਾਲ, ਹਿਊਮਿਕ ਅਤੇ ਫੁਲਵਿਕ ਐਸਿਡ ਵਰਗੇ ਕੁਦਰਤੀ ਸਰੋਤਾਂ ਤੋਂ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਪੌਦੇ ਪੌਸ਼ਟਿਕ ਤੱਤਾਂ ਨੂੰ ਬਿਹਤਰ ਤਰੀਕੇ ਨਾਲ ਸੋਖ ਪਾਉਂਦੇ ਹਨ ਅਤੇ ਉਲਟ ਹਾਲਾਤ ’ਚ ਵੀ ਚੰਗਾ ਉਤਪਾਦਨ ਦਿੰਦੇ ਹਨ।

ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ

ਪੱਛਮੀ ਏਸ਼ੀਆ ਸੰਕਟ ਵਿਚਾਲੇ ਵਧਿਆ ਮਹੱਤਵ

ਪੱਛਮੀ ਏਸ਼ੀਆ ’ਚ ਜਾਰੀ ਸੰਘਰਸ਼ ਕਾਰਨ ਰਵਾਇਤੀ ਖਾਦਾਂ ਅਤੇ ਉਨ੍ਹਾਂ ਦੇ ਕੱਚੇ ਮਾਲ ਦੀ ਦਰਾਮਦ ਲਾਗਤ ਵਧ ਰਹੀ ਹੈ। ਅਜਿਹੇ ’ਚ ਜ਼ਿਆਦਾ ਕੁਸ਼ਲਤਾ ਵਾਲੀਆਂ ਵਿਸ਼ੇਸ਼ ਖਾਦਾਂ ਦਾ ਮਹੱਤਵ ਹੋਰ ਵਧ ਗਿਆ ਹੈ।

ਸਰਕਾਰ ਦਾ ਮੰਨਣਾ ਹੈ ਕਿ ਨਵੀਂ ਮਨਜ਼ੂਰੀ ਪ੍ਰਕਿਰਿਆ ਲਾਗੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਨਵੀਂ ਤਕਨੀਕ ਵਾਲੇ ਉਤਪਾਦ ਤੇਜ਼ੀ ਨਾਲ ਉਪਲੱਬਧ ਹੋਣਗੇ ਅਤੇ ਘੱਟ ਪੌਸ਼ਟਿਕ ਤੱਤਾਂ ਨਾਲ ਜ਼ਿਆਦਾ ਉਤਪਾਦਨ ਪ੍ਰਾਪਤ ਕੀਤਾ ਜਾ ਸਕੇਗਾ।

ਉੱਧਰ ਉਦਯੋਗ ਜਗਤ ਦਾ ਮੰਨਣਾ ਹੈ ਕਿ ਜੇਕਰ ਪਾਣੀ ’ਚ ਘੁਲਣਸ਼ੀਲ ਖਾਦਾਂ ਦੀ ਤਰ੍ਹਾਂ ਹੋਰ ਗੈਰ-ਸਬਸਿਡੀ ਖਾਦਾਂ ਲਈ ਵੀ ਆਮ ਗੁਣਵੱਤਾ ਮਾਪਦੰਡ ਤੈਅ ਕਰ ਦਿੱਤੇ ਜਾਣ ਤਾਂ ਕੰਪਨੀਆਂ ਤੇਜ਼ੀ ਨਾਲ ਨਵੇਂ ਉਤਪਾਦ ਬਾਜ਼ਾਰ ’ਚ ਲਿਆ ਸਕਣਗੀਆਂ। ਇਸ ਨਾਲ ਕਿਸਾਨਾਂ ਨੂੰ ਨਵੀਂ ਤਕਨੀਕ ਦਾ ਲਾਭ ਮਿਲੇਗਾ ਅਤੇ ਸਰਕਾਰ ’ਤੇ ਵਧਦੇ ਸਬਸਿਡੀ ਬੋਝ ਨੂੰ ਘੱਟ ਕਰਨ ’ਚ ਵੀ ਮਦਦ ਮਿਲ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News