ਗ੍ਰਾਸਿਮ ਇੰਡਸਟਰੀਜ਼ ਨੇ ਆਪਣੇ ਦਬਦਬੇ ਦੀ ਸਥਿਤੀ ਦੀ ਦੁਰਵਰਤੋਂ ਕੀਤੀ : CCI

Thursday, Aug 12, 2021 - 01:39 PM (IST)

ਗ੍ਰਾਸਿਮ ਇੰਡਸਟਰੀਜ਼ ਨੇ ਆਪਣੇ ਦਬਦਬੇ ਦੀ ਸਥਿਤੀ ਦੀ ਦੁਰਵਰਤੋਂ ਕੀਤੀ : CCI

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਕਿਹਾ ਹੈ ਕਿ ਗ੍ਰਾਸਿਮ ਇੰਡਸਟਰੀਜ਼ ਨੇ ਆਪਣੇ ਗਾਹਕਾਂ ਨਾਲ ਭੇਦਭਾਵਪੂਰਨ ਕੀਮਤ ਵਸੂਲ ਕੇ, ਬਾਜ਼ਾਰ ਤੱਕ ਪਹੁੰਚ ਨਾ ਦੇ ਕੇ ਅਤੇ ਉਨ੍ਹਾਂ 'ਤੇ ਪੂਰਕ ਜ਼ਿੰਮੇਵਾਰੀ ਥੋਪ ਕੇ ਇਕ ਸਪੈਸ਼ਲ ਫਾਈਬਰ ਦੀ ਸਪਲਾਈ ਵਿਚ ਆਪਣੇ ਦਬਦਬੇ ਦੀ ਸਥਿਤੀ ਦੀ ਦੁਰਵਰਤੋਂ ਕੀਤੀ ਹੈ।

6 ਅਗਸਤ ਦੇ ਆਦੇਸ਼ ਦੇ ਅਨੁਸਾਰ, ਕਮਿਸ਼ਨ ਨੇ ਕੰਪਨੀ ਨੂੰ ਅਜਿਹੇ ਕੰਮਾਂ ਵਿਚ ਸ਼ਾਮਲ ਹੋਣ ਤੋਂ ਰੋਕਣ ਅਤੇ ਬੰਦ ਕਰਨ ਦਾ ਹੁਕਮ ਦਿੱਤਾ, ਜਿਨ੍ਹਾਂ ਨਾਲ ਮੁਕਾਬਲੇਬਾਜ਼ੀ ਕਾਨੂੰਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੋਈ ਹੈ। ਸੀ. ਸੀ. ਆਈ. ਨੇ ਕਿਹਾ ਕਿ ਕੰਪਨੀ ਨੇ ਆਪਣੇ ਗਾਹਕਾਂ ਕੋਲੋਂ ਭੇਦਭਾਵਪੂਰਨ ਕੀਮਤ ਵਸੂਲ ਕੇ ਬਾਜ਼ਾਰ ਤੱਕ ਪਹੁੰਚ ਨਾ ਦੇ ਕੇ ਅਤੇ ਉਨ੍ਹਾਂ 'ਤੇ ਪੂਰਕ ਜ਼ਿੰਮੇਵਾਰੀ ਥੋਪ ਕੇ ਸਪਿਨਰਾਂ (ਸੂਤ ਕੱਤਣ ਵਾਲੇ) ਨੂੰ ਵੀ. ਐੱਸ. ਐੱਫ. ਸਪਲਾਈ ਦੇ ਮਹੱਤਵਪੂਰਨ ਬਾਜ਼ਾਰ ਵਿਚ ਆਪਣੇ ਦਬਦਬੇ ਦੀ ਸਥਿਤੀ ਦੀ ਦੁਰਵਰਤੋਂ ਕੀਤੀ ਹੈ।

ਗ੍ਰਾਸਿਮ ਇੰਡਸਟਰੀਜ਼ ਨੇ 9 ਅਗਸਤ ਨੂੰ ਦਾਇਰ ਕੀਤੇ ਗਏ ਰੈਗੂਲੇਟਰੀ ਨੋਟਿਸ ਵਿਚ ਕਿਹਾ, ''ਹਾਲਾਂਕਿ ਕੰਪਨੀ ਨੂੰ ਅਜੇ ਤੱਕ ਉਕਤ ਹੁਕਮ ਦੀ ਪ੍ਰਮਾਣਿਤ ਕਾਪੀ ਪ੍ਰਾਪਤ ਨਹੀਂ ਹੋਈ ਹੈ ਪਰ ਉਸ ਦਾ ਮੰਨਣਾ ਹੈ ਕਿ ਗੁਣ-ਦੋਸ਼ ਦੇ ਆਧਾਰ 'ਤੇ ਉਸ ਕੋਲ ਅਪੀਲ ਲਈ ਢੁੱਕਵਾਂ ਆਧਾਰ ਹੈ।'' ਰੈਗੂਲੇਟਰ ਨੇ ਇਹ ਨੋਟ ਕਰਦੇ ਹੋਏ ਕਿ ਕੰਪਨੀ ਨੂੰ ਬਰਾਬਰ ਦੇ ਸਲੂਕ ਦੇ ਸੰਬੰਧ ਵਿਚ ਮਾਰਚ 2020 ਵਿਚ ਪਾਸ ਕੀਤੇ ਗਏ ਆਦੇਸ਼ ਰਾਹੀਂ ਪਹਿਲਾਂ ਹੀ 301.61 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਜਾ ਚੁੱਕਾ ਹੈ, ਇਸ ਲਈ ਕੰਪਨੀ 'ਤੇ ਕੋਈ ਵਿੱਤੀ ਜੁਰਮਾਨਾ ਨਹੀਂ ਲਗਾਇਆ। ਕਮਿਸ਼ਨ ਨੇ ਕਿਹਾ ਕਿ ਕੰਪਨੀ ਦੇਸ਼ ਵਿਚ ਵਿਸਕੋਸ ਸਟੈਪਲ ਫਾਈਬਰ (ਵੀ. ਐੱਸ. ਐੱਫ.) ਦੀ ਇਕਮਾਤਰ ਉਤਪਾਦਕ ਹੈ ਅਤੇ ਭਾਰਤ ਵਿਚ ਸਪਨਿਰਾਂ ਨੂੰ ਇਸ ਦੀ ਸਪਲਾਈ ਵਿਚ ਉਸ ਦਾ ਬਾਜ਼ਾਰ ਵਿਚ ਦਬਦਬਾ ਹੈ। ਸਪਿਨਰਾਂ ਲਈ ਇਸ ਤੋਂ ਇਲਾਵਾ ਇਕਮਾਤਰ ਬਦਲ ਦਰਾਮਦ ਹੈ, ਜੋ ਆਰਥਿਕ ਤੌਰ 'ਤੇ ਵਿਵਹਾਰਕ ਨਹੀਂ ਹੈ।


author

Sanjeev

Content Editor

Related News