ਭ੍ਰਿਸ਼ਟਾਚਾਰ ਘਟਾ ਕੇ ਵਿਦੇਸ਼ ’ਚ ਜਮ੍ਹਾ ਕਾਲੇ ਧਨ ਨੂੰ ਵਾਪਸ ਲਿਆ ਸਕਦੀ ਹੈ ਸਰਕਾਰ

02/22/2020 11:40:35 PM

ਨਵੀਂ ਦਿੱਲੀ (ਇੰਟ.)-ਸਰਕਾਰ ਜੇਕਰ ਦੇਸ਼ ਦੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਵਿਵਸਥਾ ’ਚ ਭ੍ਰਿਸ਼ਟਾਚਾਰ ਘਟਾਏ ਤਾਂ ਵਿਦੇਸ਼ ’ਚ ਜਮ੍ਹਾ ਕਾਲੇ ਧਨ ਨੂੰ ਆਸਾਨੀ ਨਾਲ ਭਾਰਤ ਵਾਪਸ ਲਿਆਂਦਾ ਜਾ ਸਕਦਾ ਹੈ। ਇਹ ਸੰਕੇਤ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਚੇਅਰਪਰਸਨ ਡੇਲੀਆ ਫੇਰੀਰਾ ਰੂਬੀਓ ਨੇ ਦਿੱਤਾ।

ਵਿਸ਼ਵ ਅਾਰਥਿਕ ਮੰਚ (ਡਬਲਯੂ. ਈ. ਐੱਫ.) ਦੀ ਇਕ ਰਿਪੋਰਟ ਮੁਤਾਬਕ ਰੂਬੀਓ ਨੇ ਪਿਛਲੇ ਮਹੀਨੇ ਦਾਵੋਸ ’ਚ ਹੋਏ ਵਿਸ਼ਵ ਅਾਰਥਿਕ ਮੰਚ ’ਚ ਕਿਹਾ ਕਿ ਸਭ ਤੋਂ ਭ੍ਰਿਸ਼ਟ ਦੇਸ਼ਾਂ ਦਾ ਕਾਲਾ ਧਨ ਸਭ ਤੋਂ ਜ਼ਿਆਦਾ ਸਵੱਛ ਅਤੇ ਪਾਰਦਰਸ਼ੀ ਮੰਨੇ ਜਾਣ ਵਾਲੇ ਦੇਸ਼ਾਂ ’ਚ ਜਮ੍ਹਾ ਹੁੰਦਾ ਹੈ। ਵਿਸ਼ਵ ਆਂਰਥਿਕ ਮੰਚ ਦਾ ਸਾਲਾਨਾ ਸੰਮੇਲਨ ਦਾਵੋਸ ’ਚ 21 ਤੋਂ 24 ਜਨਵਰੀ 2020 ਨੂੰ ਹੋਇਆ ਸੀ। ਰੂਬੀਓ ਨੇ ਕਿਹਾ ਕਿ ਭ੍ਰਿਸ਼ਟ ਦੇਸ਼ਾਂ ਦਾ ਕਾਲਾ ਧਨ ਪਾਰਦਰਸ਼ੀ ਦੇਸ਼ਾਂ ’ਚ ਬੈਂਕਾਂ ’ਚ ਜਾਂ ਜਾਇਦਾਦ ਅਤੇ ਲਗਜ਼ਰੀ ਦੇ ਰੂਪ ’ਚ ਪੁੱਜਦਾ ਹੈ।

ਪਾਰਦਰਸ਼ਿਤਾ ਅਤੇ ਜਵਾਬਦੇਹੀ ਤੋਂ ਬਿਨਾਂ ਅਧੂਰਾ ਹੈ ਕੋਈ ਵੀ ਲੋਕਤੰਤਰ
ਇਸ ਸੰਮੇਲਨ ’ਚ ਬੋਤਸਵਾਨਾ ਦੇ ਰਾਸ਼ਟਰਪਤੀ ਮੋਗਵਿਤਸੀ ਐਰਿਕ ਕੀਬੇਤਸਵੇ ਮਾਸਿਸਿ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਇਕ ਅਜਿਹੀ ਲੜਾਈ ਹੈ, ਜਿਸ ਦਾ ਕਦੇ ਅੰਤ ਨਹੀਂ ਹੋ ਸਕਦਾ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਤਾਜ਼ਾ ਭ੍ਰਿਸ਼ਟਾਚਾਰ ਸੂਚਕ ਅੰਕ ’ਚ ਬੋਤਸਵਾਨਾ ਨੂੰ 61 ਅੰਕਾਂ ਦੇ ਨਾਲ 180 ਦੇਸ਼ਾਂ ਦੀ ਸੂਚੀ ’ਚ 34ਵਾਂ ਰੈਂਕ ਮਿਲਿਆ ਹੈ। ਬੋਤਸਵਾਨਾ ਉਪ ਸਹਾਰਾ ਅਫਰੀਕੀ ਖੇਤਰ ’ਚ ਭ੍ਰਿਸ਼ਟਾਚਾਰ ਵਿਰੁੱਧ ਲੜਾਈ ’ਚ ਸਭ ਤੋਂ ਜ਼ਿਆਦਾ ਸਫਲ ਦੇਸ਼ਾਂ ’ਚ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲੋਕਤੰਤਰ ਪਾਰਦਰਸ਼ਿਤਾ ਅਤੇ ਜਵਾਬਦੇਹੀ ਦੇ ਬਿਨਾਂ ਅਧੂਰਾ ਹੈ।

ਭ੍ਰਿਸ਼ਟਾਚਾਰ ਸੂਚੀ ’ਚ 2 ਸਥਾਨ ਫਿਸਲ ਕੇ 80ਵੇਂ ’ਤੇ ਆਇਆ ਭਾਰਤ
ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੀ 2019 ਦੀ ਤਾਜ਼ਾ ਭ੍ਰਿਸ਼ਟਾਚਾਰ ਸੂਚੀ ’ਚ ਭਾਰਤ 2 ਸਥਾਨ ਫਿਸਲ ਕੇ 80ਵੇਂ ਰੈਂਕ ’ਤੇ ਆ ਗਿਆ ਹੈ। 2018 ਦੀ ਸੂਚੀ ’ਚ ਭਾਰਤ ਨੂੰ 78ਵਾਂ ਰੈਂਕ ਮਿਲਿਆ ਸੀ। ਦੋਵੇਂ ਹੀ ਸਾਲ ਭਾਰਤ ਨੂੰ 41 ਅੰਕ ਮਿਲੇ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ 2019 ਦੀ ਭ੍ਰਿਸ਼ਟਾਚਾਰ ਸੂਚੀ 23 ਜਨਵਰੀ 2020 ਨੂੰ ਜਾਰੀ ਕੀਤੀ ਸੀ। 2019 ਦੀ ਤਾਜ਼ਾ ਸੂਚੀ ’ਚ 180 ਦੇਸ਼ਾਂ ਦੀ ਰੈਂਕਿੰਗ ਕੀਤੀ ਗਈ ਹੈ। ਪਹਿਲੀ ਰੈਂਕਿੰਗ ਵਾਲਾ ਦੇਸ਼ ਸਭ ਤੋਂ ਜ਼ਿਆਦਾ ਪਾਰਦਰਸ਼ੀ ਹੈ ਅਤੇ ਆਖਰੀ ਯਾਨੀ 180ਵੀਂ ਰੈਂਕਿੰਗ ਵਾਲਾ ਦੇਸ਼ ਸਭ ਤੋਂ ਜ਼ਿਆਦਾ ਭ੍ਰਿਸ਼ਟ ਹੈ।

ਭਾਰਤ ’ਚ ਭ੍ਰਿਸ਼ਟਾਚਾਰ ਦਾ ਕਾਰਣ ਹੈ ਅਪਾਰਦਰਸ਼ੀ ਰਾਜਨੀਤਕ ਫਾਈਨਾਂਸਿੰਗ ਅਤੇ ਲਾਬਿੰਗ
ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਅਤੇ ਆਸਟਰੇਲੀਆ ਵਰਗੇ ਲੋਕਤੰਤਰਿਕ ਦੇਸ਼ਾਂ ’ਚ ਵੀ ਅਣਉੱਚਿਤ ਅਤੇ ਅਪਾਰਦਰਸ਼ੀ ਰਾਜਨੀਤਕ ਫਾਈਨਾਂਸਿੰਗ ਕਾਰਣ ਅਪਾਰਦਰਸ਼ਿਤਾ ਦੀ ਸਥਿਤੀ ਹੈ। ਇਸ ਤੋਂ ਇਲਾਵਾ ਰਿਪੋਰਟ ’ਚ ਫੈਸਲਾ ਪ੍ਰਕਿਰਿਆ ’ਚ ਅਣਉੱਚਿਤ ਦਬਾਅ, ਸ਼ਕਤੀਸ਼ਾਲੀ ਕਾਰਪੋਰੇਟ ਹਿੱਤ ਸਮੂਹਾਂ ਵੱਲੋਂ ਕੀਤੀ ਜਾਣ ਵਾਲੀ ਲਾਬਿੰਗ ਨੂੰ ਵੀ ਅਪਾਰਦਰਸ਼ਿਤਾ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਕਾਰਣ ਭ੍ਰਿਸ਼ਟਾਚਾਰ ਘਟਾਉਣ ’ਚ ਵੱਡੀ ਸਫਲਤਾ ਨਹੀਂ ਮਿਲ ਰਹੀ ਹੈ। ਇਹੀ ਨਹੀਂ ਸਥਿਤੀ ਪਹਿਲਾਂ ਤੋਂ ਖਰਾਬ ਹੀ ਹੋਈ ਹੈ।


Karan Kumar

Content Editor

Related News