18 ਜਨਵਰੀ ਤੱਕ MSP 'ਤੇ 5 ਕਰੋੜ 70 ਲੱਖ ਟਨ ਝੋਨੇ ਦੀ ਹੋਈ ਖ਼ਰੀਦ

Tuesday, Jan 19, 2021 - 10:32 PM (IST)

18 ਜਨਵਰੀ ਤੱਕ MSP 'ਤੇ 5 ਕਰੋੜ 70 ਲੱਖ ਟਨ ਝੋਨੇ ਦੀ ਹੋਈ ਖ਼ਰੀਦ

ਨਵੀਂ ਦਿੱਲੀ- ਸਰਕਾਰ ਨੇ ਚਾਲੂ ਸਾਉਣੀ ਮਾਰਕੀਟਿੰਗ ਸੀਜ਼ਨ ਵਿਚ ਹੁਣ ਤੱਕ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ 1,07,572 ਕਰੋੜ ਰੁਪਏ ਮੁੱਲ ਦਾ ਤਕਰੀਬਨ 5 ਕਰੋੜ 70 ਲੱਖ ਟਨ ਝੋਨਾ ਖ਼ਰੀਦ ਲਿਆ ਹੈ। ਸਰਕਾਰ ਵੱਲੋਂ ਪਾਸ ਤਿੰਨ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚਕਾਰ ਇਹ ਖ਼ਰੀਦ ਕੀਤੀ ਗਈ ਹੈ।

ਸਾਉਣੀ ਮਾਰਕੀਟਿੰਗ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਇਕ ਸਰਕਾਰੀ ਬਿਆਨ ਵਿਚ ਮੰਗਲਵਾਰ ਨੂੰ ਕਿਹਾ ਗਿਆ ਹੈ, ''ਚਾਲੂ ਸਾਉਣੀ ਮਾਰਕੀਟਿੰਗ ਸੀਜ਼ਨ 2020-21 ਵਿਚ ਸਰਕਾਰ ਨੇ ਮੌਜੂਦਾ ਐੱਮ. ਐੱਸ. ਪੀ. 'ਤੇ ਕਿਸਾਨਾਂ ਕੋਲੋਂ ਸਾਉਣੀ ਫ਼ਸਲ ਦੀ ਖ਼ਰੀਦ ਜਾਰੀ ਰੱਖ ਹੋਈ ਹੈ।'' 

ਸਰਕਾਰ ਨੇ 18 ਜਨਵਰੀ 2021 ਤੱਕ 569.76 ਲੱਖ ਟਨ ਝੋਨਾ ਖ਼ਰੀਦਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 460.10 ਲੱਖ ਟਨ ਝੋਨੇ ਦੀ ਖ਼ਰੀਦ ਤੋਂ ਲਗਭਗ 24 ਫ਼ੀਸਦੀ ਜ਼ਿਆਦਾ ਹੈ। ਬਿਆਨ ਵਿਚ ਕਿਹਾ ਗਿਆ ਹੈ, ''ਐੱਮ. ਐੱਸ. ਪੀ. ਮੁੱਲ 'ਤੇ ਚੱਲ ਰਹੀ ਖ਼ਰੀਦ ਨਾਲ ਲਗਭਗ 80.35 ਲੱਖ ਕਿਸਾਨ ਪਹਿਲਾਂ ਹੀ 1,07,572.36 ਕਰੋੜ ਰੁਪਏ ਨਾਲ ਲਾਭਵੰਦ ਹੋ ਚੁੱਕੇ ਹਨ।'' ਦੇਸ਼ ਵਿਚ 569.76 ਲੱਖ ਟਨ ਝੋਨੇ ਦੀ ਕੁੱਲ ਖ਼ਰੀਦ ਵਿਚੋਂ ਇਕੱਲੇ ਪੰਜਾਬ ਤੋਂ 202.77 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਭਾਰਤੀ ਖੁਰਾਕ ਨਿਗਮ ਅਨਾਜ ਦੀ ਖ਼ਰੀਦ ਅਤੇ ਵੰਡ ਲਈ ਨੋਡਲ ਏਜੰਸੀ ਹੈ।


author

Sanjeev

Content Editor

Related News