ਸਰਕਾਰ ਕਰ ਸਕਦੀ ਹੈ ਇਕ ਹੋਰ ਵਿੱਤੀ ਪੈਕੇਜ ਦਾ ਐਲਾਨ, ਦੀਵਾਲੀ ਤੱਕ ਅਰਥਵਿਵਸਥਾ ’ਚ ਰਿਕਵਰੀ ਦਾ ਮਕਸਦ

Monday, Sep 28, 2020 - 03:38 PM (IST)

ਸਰਕਾਰ ਕਰ ਸਕਦੀ ਹੈ ਇਕ ਹੋਰ ਵਿੱਤੀ ਪੈਕੇਜ ਦਾ ਐਲਾਨ, ਦੀਵਾਲੀ ਤੱਕ ਅਰਥਵਿਵਸਥਾ ’ਚ ਰਿਕਵਰੀ ਦਾ ਮਕਸਦ

ਨਵੀਂ ਦਿੱਲੀ(ਇੰਟ) - ਕੇਂਦਰ ਸਰਕਾਰ ਫੈਸਟਿਵ ਸੀਜ਼ਨ ’ਚ ਖਪਤਕਾਰਾਂ ਦੇ ਹੱਥ ’ਚ ਪੈਸਾ ਪਹੁੰਚਾਉਣ ਲਈ ਇਕ ਹੋਰ ਵਿੱਤੀ ਪੈਕੇਜ ਦਾ ਐਲਾਨ ਕਰ ਸਕਦੀ ਹੈ। ਇਸ ਪੈਕੇਜ ਦਾ ਐਲਾਨ ਨਰਾਤਿਆਂ ਦੇ ਆਲੇ-ਦੁਆਲੇ ਹੋ ਸਕਦਾ ਹੈ। ਨਰਾਤਿਆਂ ਨੂੰ ਦੇਸ਼ ਦਾ ਸਭ ਤੋਂ ਵੱਡਾ ਖਰੀਦਦਾਰੀ ਸੀਜ਼ਨ ਮੰਨਿਆ ਜਾਂਦਾ ਹੈ। ਇਸ ਪੈਕੇਜ ਦਾ ਮਕਸਦ ਦੀਵਾਲੀ ਤੱਕ ਅਰਥਵਿਵਸਥਾ ’ਚ ਰਿਕਵਰੀ ਲਿਆਉਣਾ ਹੈ। ਇਸ ਪੈਕੇਜ ਜ਼ਰੀਏ ਕਮਾਈ ਘੱਟ ਹੋਣ ਦੀ ਮਾਰ ਝੱਲ ਰਹੇ ਨੌਕਰੀ-ਪੇਸ਼ਾ, ਪ੍ਰਵਾਸੀ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹੱਥ ’ਚ ਪੈਸਾ ਦਿੱਤਾ ਜਾਵੇਗਾ। ਇਸ ਨਾਲ ਕੰਪਨੀਆਂ ਦੀ ਮੰਗ ਵਧੇਗੀ। ਕਈ ਐਕਸਪਰਟਸ ਨੇ ਇਹ ਉਮੀਦ ਜਤਾਈ ਹੈ।

ਕੇਂਦਰ ਸਰਕਾਰ ਇਸ ਤੋਂ ਪਹਿਲਾਂ ਵੀ ਦੀਵਾਲੀ ਦੇ ਆਲੇ-ਦੁਆਲੇ ਵਿੱਤੀ ਪੈਕੇਜ ਦਿੰਦੀ ਰਹੀ ਹੈ। ਅਕਤੂਬਰ 2017 ’ਚ ਦੀਵਾਲੀ ਤੋਂ ਠੀਕ ਪਹਿਲਾਂ ਸਰਕਾਰ ਨੇ 27 ਉਤਪਾਦਾਂ ’ਤੇ ਜੀ. ਐੱਸ. ਟੀ. ਦੀਆਂ ਦਰਾਂ ’ਚ ਕਟੌਤੀ ਕੀਤੀ ਸੀ। ਇਸ ’ਚ ਪੂਰਨ ਖਪਤਕਾਰ ਉਤਪਾਦ ਸਨ। ਇਸ ਤੋਂ ਇਲਾਵਾ ਹੋਰ ਇਨਸੈਂਟਿਵ ਦਾ ਵੀ ਐਲਾਨ ਕੀਤਾ ਗਿਆ ਸੀ। ਪਿਛਲੇ ਸਾਲ ਸਤੰਬਰ ’ਚ ਫੈਸਟਿਵ ਸੀਜ਼ਨ ਦੇ ਆਲੇ-ਦੁਆਲੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਾਰਪੋਰੇਟ ਟੈਕਸ ਦੀਆਂ ਦਰਾਂ ’ਚ ਕਟੌਤੀ ਕੀਤੀ ਸੀ। ਇਸ ਨਾਲ ਕਾਰਪੋਰੇਟ ਨੂੰ ਕਰੀਬ 1.45 ਲੱਖ ਕਰੋਡ਼ ਰੁਪਏ ਦਾ ਲਾਭ ਹੋਇਆ ਸੀ। ਇਹ ਐਲਾਨ ਵੀ ਦੀਵਾਲੀ ਤੋਂ ਪਹਿਲਾਂ ਹੋਇਆ ਸੀ।

ਬਾਜ਼ਾਰ ਨੂੰ ਵੀ ਵਿੱਤੀ ਇਨਸੈਂਟਿਵ ਦੀ ਉਮੀਦ

ਐੱਮ. ਕੇ. ਵੈਲਥ ਮੈਨੇਜਮੈਂਟ ਦੇ ਰਿਸਰਚ ਪ੍ਰਮੁੱਖ ਜੋਸੇਫ ਥਾਮਸ ਦਾ ਕਹਿਣਾ ਹੈ ਕਿ ਬਾਜ਼ਾਰ ਨੂੰ ਵੀ ਵਿੱਤੀ ਇਨਸੈਂਟਿਵ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਫੈਸਟਿਵ ਸੀਜ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਇਕ ਹੋਰ ਇਨਸੈਂਟਿਵ ਪੈਕੇਜ ਦੀ ਉਮੀਦ ਨਾਲ ਸ਼ੇਅਰ ਬਾਜ਼ਾਰਾਂ ’ਚ ਵੀ ਤੇਜ਼ੀ ਆ ਸਕਦੀ ਹੈ। ਥਾਮਸ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਫਿਰ ਤੋਂ ਵਧਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਜੀਓ- ਪਾਲੀਟੀਕਲ ਤਣਾਅ ਕਾਰਣ ਬਾਜ਼ਾਰ ’ਚ ਪਿਛਲੇ ਕੁੱਝ ਟਰੇਡਿੰਗ ਸੈਸ਼ਨ ਤੋਂ ਗਿਰਾਵਟ ਜਾਰੀ ਹੈ।

ਇਹ ਵੀ ਦੇਖੋ : PNB ਗਾਹਕਾਂ ਲਈ ਵੱਡੀ ਖ਼ਬਰ! ਇਕ ਬੈਂਕ ਖਾਤੇ 'ਤੇ ਲੈ ਸਕਦੇ ਹੋ 3 ਡੈਬਿਟ ਕਾਰਡ

ਰੇਟਿੰਗ ਏਜੰਸੀਆਂ ਨੇ ਵੀ ਜਤਾਇਆ ਵਿੱਤੀ ਪੈਕੇਜ ਦਾ ਅਨੁਮਾਨ

ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਹਾਲ ਹੀ ’ਚ ਅਨੁਮਾਨ ਜਤਾਇਆ ਸੀ ਕਿ ਅਰਥਵਿਵਸਥਾ ਨੂੰ ਸਪੋਰਟ ਕਰਨ ਲਈ ਸਰਕਾਰ ਹੋਰ ਵਿੱਤੀ ਪੈਕੇਜ ਦਾ ਐਲਾਨ ਕਰ ਸਕਦੀ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਫਿੱਕੀ ਨੇ ਵੀ ਇਕ ਹੋਰ ਇਨਸੈਂਟਿਵ ਪੈਕੇਜ ਦੀ ਲੋੜ ਦੀ ਗੱਲ ਕਹੀ ਸੀ। ਫਿੱਕੀ ਨੇ ਕਿਹਾ ਸੀ ਕਿ ਪਹਿਲੀ ਤਿਮਾਹੀ ’ਚ ਦੇਸ਼ ਦੀ ਜੀ. ਡੀ. ਪੀ. ’ਚ ਗਿਰਾਵਟ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਅਰਥਵਿਵਸਥਾ ’ਚ ਮੰਗ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਇਨਸੈਂਟਿਵ ਪੈਕੇਜ ਦੀ ਲੋੜ ਹੈ।

ਇਹ ਵੀ ਦੇਖੋ : ITR ਦਾਇਰ ਕਰਨ ਦੇ ਬਾਅਦ ਵੀ ਬਹੁਤ ਮਹੱਤਵਪੂਰਨ ਹੈ ਇਹ ਕੰਮ ਕਰਨਾ, ਸਿਰਫ 3 ਦਿਨ ਦਾ ਹੈ ਮੌਕਾ

ਮਈ ’ਚ ਐਲਾਨ ਕੀਤਾ ਸੀ 20 ਲੱਖ ਕਰੋਡ਼ ਰੁਪਏ ਦਾ ਰਾਹਤ ਪੈਕੇਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ ’ਚ ਲਾਕਡਾਊਨ ਦੌਰਾਨ ਕਰੀਬ 20 ਲੱਖ ਕਰੋਡ਼ ਰੁਪਏ ਦੇ ਵਿਸ਼ੇਸ਼ ਆਰਥਕ ਪੈਕੇਜ ਦਾ ਐਲਾਨ ਕੀਤਾ ਸੀ। ਇਹ ਦੇਸ਼ ਦੀ ਜੀ. ਡੀ. ਪੀ. ਦੇ 10 ਫੀਸਦੀ ਦੇ ਬਰਾਬਰ ਸੀ। ਇਸ ਵਿਸ਼ੇਸ਼ ਪੈਕੇਜ ’ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਸੀਨੀਅਰ ਨਾਗਰਿਕਾਂ ਨੂੰ 1.70 ਲੱਖ ਕਰੋਡ਼ ਰੁਪਏ ਦਾ ਮੁਫਤ ਅਨਾਜ ਅਤੇ ਨਕਦ ਭੁਗਤਾਨ ਕੀਤਾ ਗਿਆ ਸੀ । ਕਰੀਬ 41 ਕਰੋਡ਼ ਗਰੀਬ ਲੋਕਾਂ ਨੂੰ 52,608 ਕਰੋਡ਼ ਰੁਪਏ ਦੀ ਵਿੱਤੀ ਮਦਦ ਦਿੱਤੀ ਗਈ ਸੀ।

ਇਹ ਵੀ ਦੇਖੋ : ਧੀ ਦਿਵਸ 2020 : ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਇਸ ਤਰ੍ਹਾਂ ਕਰੋ ਯੋਜਨਾਬੰਦੀ, ਨਹੀਂ ਹੋਵੇਗੀ ਪੈਸੇ ਦੀ ਚਿੰਤਾ


author

Harinder Kaur

Content Editor

Related News