ਵਾਹਨ ਕਬਾੜ ਸੈਂਟਰ ਖੋਲ੍ਹਣ ਦਾ ਰਾਹ ਪੱਧਰਾ, ਸਰਕਾਰ ਨੇ ਜਾਰੀ ਕੀਤਾ ਡਰਾਫਟ

10/17/2019 10:23:05 PM

ਨਵੀਂ ਦਿੱਲੀ (ਭਾਸ਼ਾ)-ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਦੇਸ਼ 'ਚ ਅਧਿਕਾਰਤ ਵਾਹਨ ਕਬਾੜ ਸੈਂਟਰ (ਆਥੋਰਾਈਜ਼ਡ ਵ੍ਹੀਕਲ ਸਕ੍ਰੈਪਿੰਗ ਫੈਸੀਲਿਟੀ) ਖੋਲ੍ਹਣ ਦਾ ਡਰਾਫਟ ਜਾਰੀ ਕਰ ਦਿੱਤਾ ਹੈ, ਜਿਸ ਨੂੰ ਵਾਹਨ ਕਬਾੜ ਸੈਂਟਰ ਵੀ ਕਿਹਾ ਜਾਂਦਾ ਹੈ। ਇਸ ਸੈਂਟਰ ਨੂੰ ਖੋਲ੍ਹਣ ਲਈ ਕੁੱਝ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਹਾਲਾਂਕਿ ਉਸ ਨੇ ਪੁਰਾਣੇ ਵਾਹਨ ਨਸ਼ਟ ਕਰਨ 'ਤੇ ਗਾਹਕਾਂ ਨੂੰ ਛੋਟ ਦੇਣ ਦੀ ਮੰਗ ਨੂੰ ਦੁਹਰਾਇਆ। ਉਸ ਨੇ ਕਿਹਾ ਕਿ ਅਧਿਕਾਰਤ ਕਬਾੜ ਸੈਂਟਰ ਖੁੱਲ੍ਹਣ ਨਾਲ ਦੇਸ਼ 'ਚ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਨਸ਼ਟ ਕਰਨ 'ਚ ਮਦਦ ਮਿਲੇਗੀ। ਨਾਲ ਹੀ ਨਵੇਂ ਵਾਹਨਾਂ ਦੀ ਮੰਗ ਵਧੇਗੀ।

ਕੋਈ ਵੀ ਵਿਅਕਤੀ ਵਾਹਨਾਂ ਨੂੰ ਨਸ਼ਟ ਨਹੀਂ ਕਰ ਸਕੇਗਾ। ਸਰਕਾਰ ਵੱਲੋਂ ਅਧਿਕਾਰਤ ਸਕ੍ਰੈਪਰ ਨੂੰ ਇਕ ਡਿਜੀਟਲ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜੋ ਵਾਹਨ ਦੇ ਨਸ਼ਟ ਹੋਣ ਤੋਂ ਬਾਅਦ ਉਸ ਦੀ ਫੋਟੋ ਨਾਲ ਵਾਹਨ ਚੈਸੀ ਨੰਬਰ ਸਰਕਾਰ ਨੂੰ ਦੇਵੇਗਾ। ਸਰਕਾਰ ਨਸ਼ਟ ਹੋਏ ਵਾਹਨ ਦਾ ਡਾਟਾ ਸਰਕਾਰੀ ਡਾਟਾਬੇਸ ਵਾਹਨ 'ਤੇ ਸੁਰੱਖਿਅਤ ਰੱਖੇਗੀ।

ਲੈਣਾ ਪਵੇਗਾ ਲਾਇਸੈਂਸ
ਸਰਕਾਰ ਵੱਲੋਂ ਜਾਰੀ ਦਿਸ਼ਾ -ਨਿਰਦੇਸ਼ਾਂ ਮੁਤਾਬਕ ਕੋਈ ਨਿੱਜੀ ਤੌਰ 'ਤੇ ਫਰਮ, ਸੋਸਾਇਟੀ ਜਾਂ ਫਿਰ ਟਰੱਸਟ ਦੇ ਜ਼ਰੀਏ ਵਾਹਨ ਕਬਾੜ ਸੈਂਟਰ ਖੋਲ੍ਹ ਸਕਦਾ ਹੈ। ਇਸ ਦੇ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਜਾਜ਼ਤ ਲੈਣੀ ਪਵੇਗੀ। ਬੋਰਡ ਦੀ ਟੀਮ ਸੈਂਟਰ ਦਾ ਦੌਰਾ ਕਰੇਗੀ ਅਤੇ ਫਿਰ ਸਾਰੇ ਮਾਪਦੰਡ ਪੂਰੇ ਹੋਣ 'ਤੇ ਇਕ ਅਧਿਕਾਰਤ ਲਾਇਸੈਂਸ ਜਾਰੀ ਕਰੇਗੀ।

ਕੀ ਹੋਣਗੀਆਂ ਸ਼ਰਤਾਂ
-ਵਾਹਨ ਕਬਾੜ ਸੈਂਟਰ ਖੋਲ੍ਹਣ ਲਈ ਸਥਾਈ ਅਕਾਊਂਟ ਨੰਬਰ ਅਤੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ।
-ਸੈਂਟਰ ਦੇ ਯਾਰਡ 'ਚ ਸੀ. ਸੀ. ਟੀ. ਵੀ. ਕੈਮਰਾ ਲਾਉਣਾ ਪਵੇਗਾ।
-ਨਸ਼ਟ ਕੀਤੇ ਜਾਣ ਵਾਲੇ ਵਾਹਨਾਂ ਦਾ ਰਿਕਾਰਡ 3 ਮਹੀਨਿਆਂ ਤੱਕ ਰੱਖਣਾ ਪਵੇਗਾ। ਇਸ ਤੋਂ ਬਾਅਦ ਇਸ ਡਾਟਾ ਨੂੰ ਸਰਕਾਰ ਨੂੰ ਦੇਣਾ ਪਵੇਗਾ।
-ਅਥਾਰਟੀ ਵੱਲੋਂ ਜਾਰੀ ਵੱਧ ਤੋਂ ਵੱਧ 10 ਸਾਲ ਲਈ ਸੈਂਟਰ ਦਾ ਲਾਇਸੈਂਸ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਰੀਨਿਊ ਕਰਵਾਉਣਾ ਪਵੇਗਾ।
-ਛੋਟੇ ਵਾਹਨਾਂ ਦਾ ਵਾਹਨ ਕਬਾੜ ਸੈਂਟਰ ਖੋਲ੍ਹਣ ਲਈ ਘੱਟੋ-ਘੱਟ 4000 ਸਕੇਅਰ ਫੁੱਟ ਦੀ ਜਗ੍ਹਾ ਹੋਣੀ ਚਾਹੀਦੀ ਹੈ, ਜਦਕਿ ਵੱਡੇ ਵਾਹਨ ਦਾ ਕਬਾੜ ਸੈਂਟਰ ਖੋਲ੍ਹਣ ਲਈ 8000 ਸਕੇਅਰ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ।

ਕਿਹੜੇ ਵਾਹਨਾਂ ਨੂੰ ਕੀਤਾ ਜਾ ਸਕੇਗਾ ਨਸ਼ਟ
-ਓਰਿਜਨ ਰਜਿਸਟ੍ਰੇਸ਼ਨ ਰੀਨਿਊ ਨਾ ਹੋਣ ਵਾਲੇ ਵਾਹਨ।
-ਫਿੱਟਨੈੱਸ ਸਰਟੀਫਿਕੇਟ ਨਾ ਜਾਰੀ ਹੋਣ ਵਾਲੇ ਵਾਹਨ।
-ਨੀਲਾਮੀ ਵਾਲੇ ਵਾਹਨ।
-ਜਾਂਚ ਏਜੰਸੀ ਵੱਲੋਂ ਛੱਡੇ ਗਏ ਵਾਹਨ।
-ਸਰਕਾਰ ਨੂੰ ਦੇਣਾ ਪਵੇਗਾ ਚੈਸੀ ਨੰਬਰ।


Karan Kumar

Content Editor

Related News