ATF ’ਤੇ ਐਕਸਾਈਜ਼ ਡਿਊਟੀ ਘਟਾਉਣ ਜਾ ਰਹੀ ਹੈ ਸਰਕਾਰ!
Thursday, Oct 11, 2018 - 08:47 AM (IST)

ਨਵੀਂ ਦਿੱਲੀ - ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ ਘੱਟ ਕਰਨ ਤੋਂ ਬਾਅਦ ਹੁਣ ਸਰਕਾਰ ਏਅਰਲਾਈਨਜ਼ ਕੰਪਨੀਆਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਲੇਨ ’ਚ ਇਸਤੇਮਾਲ ਹੋਣ ਵਾਲੇ ਏਅਰ ਟਰਬਾਈਨ ਫਿਊਲ (ਏ. ਟੀ. ਐੱਫ.) ਦੀ ਐਕਸਾਈਜ਼ ਡਿਊਟੀ ਘੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਏਅਰਲਾਈਨਜ਼ ਕੰਪਨੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਇਸ ਦਾ ਫਾਇਦਾ ਮਿਲਣ ਦੇ ਲੱਛਣ ਹਨ ਕਿਉਂਕਿ ਫਿਊਲ ਦੇ ਮੁੱਲ ਘੱਟ ਹੋਣ ਨਾਲ ਏਅਰਲਾਈਨਜ਼ ਕੰਪਨੀਅਾਂ ਟਿਕਟਾਂ ਦੇ ਮੁੱਲ ਵੀ ਘੱਟ ਕਰ ਸਕਦੀਅਾਂ ਹਨ। ਉਂਝ ਕਈ ਕੰਪਨੀਆਂ ਨੇ ਆਪਣੇ ਫੇਅਰ ਨੂੰ ਪਹਿਲਾਂ ਤੋਂ ਹੀ ਘੱਟ ਕੀਤਾ ਹੋਇਆ ਹੈ।
ਚੋਣ ਕਮਿਸ਼ਨ ਦੀ ਮਨਜ਼ੂਰੀ ਦਾ ਇੰਤਜ਼ਾਰ
ਮੀਡੀਆ ਰਿਪੋਰਟ ਅਨੁਸਾਰ ਸਰਕਾਰ ਏ. ਟੀ. ਐੱਫ. ’ਤੇ ਐਕਸਾਈਜ਼ ਡਿਊਟੀ ਘਟਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ’ਤੇ ਵਿੱਤ ਮੰਤਰਾਲਾ ਨੇ ਪ੍ਰਸਤਾਵ ਤਿਆਰ ਕਰ ਲਿਆ ਹੈ। ਹੁਣ ਤੱਕ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ ਕਿ ਅਾਖਿਰ ਐਕਸਾਈਜ਼ ਡਿਊਟੀ ’ਚ ਕਿੰਨੀ ਕਟੌਤੀ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਤੋਂ ਬਾਅਦ ਨੋਟੀਫਿਕੇਸ਼ਨ ਆ ਸਕਦਾ ਹੈ। 5 ਸੂਬਿਅਾਂ ’ਚ ਚੋਣ ਨੂੰ ਲੈ ਕੇ ਕੋਡ ਅਾਫ ਕੰਡਕਟ ਲਾਗੂ ਹੈ।
ਸਰਕਾਰ ਨੇ ਵਧਾਈ ਸੀ 4 ਸਾਲ ਪਹਿਲਾਂ ਡਿਊਟੀ
ਉਂਝ ਏ. ਟੀ. ਐੱਫ. ’ਤੇ ਐਕਸਾਈਜ਼ ਡਿਊਟੀ ਘਟਾਉਣ ਨਾਲ ਸਿਰਫ ਇਨ੍ਹਾਂ 5 ਸੂਬਿਅਾਂ ’ਤੇ ਹੀ ਨਹੀਂ, ਸਗੋਂ ਪੂਰੇ ਦੇਸ਼ ’ਤੇ ਇਸ ਦਾ ਅਸਰ ਹੋਵੇਗਾ ਕਿਉਂਕਿ ਇਹ ਫੈਸਲਾ ਪੂਰੇ ਦੇਸ਼ ਲਈ ਹੈ। ਜਾਣਕਾਰਾਂ ਅਨੁਸਾਰ ਇਸ ਆਧਾਰ ’ਤੇ ਕਮਿਸ਼ਨ ਤੋਂ ਅਾਸਾਨੀ ਨਾਲ ਮਨਜ਼ੂਰੀ ਮਿਲ ਜਾਵੇਗੀ। ਦੱਸ ਦੇਈਏ ਕਿ ਏ. ਟੀ. ਐੱਫ. ’ਤੇ ਹੁਣ 14 ਫੀਸਦੀ ਐਕਸਾਈਜ਼ ਡਿਊਟੀ ਲੱਗਦੀ ਹੈ। ਸਰਕਾਰ ਨੇ 2014 ’ਚ ਏ. ਟੀ. ਐੱਫ. ’ਤੇ ਐਕਸਾਈਜ਼ ਡਿਊਟੀ 8 ਤੋਂ 14 ਫੀਸਦੀ ਕੀਤੀ ਸੀ।