ਸਰਕਾਰ ਨੇ ITR ਫਾਰਮ ’ਚ ਮੰਗੀ ਵਿਦੇਸ਼ੀ ਰਿਟਾਇਰਮੈਂਟ ਲਾਭ ਖਾਤਿਆਂ ਤੋਂ ਆਮਦਨ ਦੀ ਜਾਣਕਾਰੀ
Saturday, Apr 02, 2022 - 11:25 AM (IST)
 
            
            ਨਵੀਂ ਦਿੱਲੀ (ਭਾਸ਼ਾ) – ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2021-22 ਦਾ ਆਮਦਨ ਕਰ ਰਿਟਰਨ ਭਰਨ ਲਈ ਫਾਰਮ ਨੋਟੀਫਾਈਡ ਕੀਤੇ ਹਨ। ਇਨ੍ਹਾਂ ’ਚ ਟੈਕਸਦਾਤਿਆਂ ਤੋਂ ਵਿਦੇਸ਼ੀ ਰਿਟਾਇਰਮੈਂਟ ਲਾਭ ਖਾਤਿਆਂ ਤੋਂ ਹੋਣ ਵਾਲੀ ਆਮਦਨ ਦੀ ਜਾਣਕਾਰੀ ਮੰਗੀ ਗਈ ਹੈ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਆਮਦਨ ਕਰ ਰਿਟਰਨ ਫਾਰਮ 1-5 ਨੂੰ ਨੋਟੀਫਾਈਡ ਕੀਤਾ ਹੈ।
ਆਈ. ਟੀ. ਆਰ. ਫਾਰਮ 1 (ਸਹਿਜ) ਅਤੇ ਆਈ. ਟੀ. ਆਰ. ਫਾਰਮ 4 ਸੌਖਾਲਾ ਰੂਪ ਹਨ। ਇਹ ਵੱਡੀ ਗਿਣਤੀ ’ਚ ਛੋਟੇ ਅਤੇ ਦਰਮਿਆਨੇ ਟੈਕਸਦਾਤਿਆਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਸਹਿਜ ਫਾਰਮ 50 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਉਹ ਵਿਅਕਤੀ ਭਰ ਸਕਦੇ ਹਨ ਜੋ ਤਨਖਾਹ, ਇਕ ਮਕਾਨ/ ਹੋਰ ਸ੍ਰੋਤਾਂ (ਵਿਆਜ ਆਦਿ) ਤੋਂ ਆਮਦਨ ਪ੍ਰਾਪਤ ਕਰਦੇ ਹਨ ਜਦ ਕਿ ਆਈ. ਟੀ. ਆਰ.-4 ਉਹ ਵਿਅਕਤੀ, ਹਿੰਦੂ ਅਣਵੰਡੇ ਪਰਿਵਾਰ (ਐੱਚ. ਯੂ. ਐੱਫ.) ਅਤੇ ਕੰਪਨੀਆਂ ਭਰ ਸਕਦੀਆਂ ਹਨ, ਜਿਨ੍ਹਾਂ ਦੀ ਆਮਦਨ ਕਾਰੋਬਾਰ ਅਤੇ ਪੇਸ਼ੇ ਤੋਂ 50 ਲੱਖ ਰੁਪਏ ਤੱਕ ਹੈ।
ਆਈ. ਟੀ. ਆਰ.-3 ਉਹ ਵਿਅਕਤੀ ਭਰ ਸਕਦੇ ਹਨ, ਜਿਨ੍ਹਾਂ ਨੂੰ ਕੰਪਨੀਆਂ/ਪੇਸ਼ੇ ਤੋਂ ਲਾਭ ਦੇ ਰੂਪ ’ਚ ਆਮਦਨ ਪ੍ਰਾਪਤ ਹੁੰਦੀ ਹੈ ਜਦ ਕਿ ਆਈ. ਟੀ. ਆਰ.-5 ਸੀਮਤ ਜ਼ਿੰਮੇਵਾਰੀ ਭਾਈਵਾਲੀ (ਐੱਲ. ਐੱਲ. ਪੀ.) ਵਲੋਂ ਭਰਿਆ ਜਾਂਦਾ ਹੈ। ਆਈ. ਟੀ. ਆਰ.-1 ਮੋਟੇ ਤੌਰ ’ਤੇ ਪਿਛਲੇ ਸਾਲ ਵਾਂਗ ਹੀ ਹੈ, ਬੱਸ ਜੋ ਨਵੀਂ ਜਾਣਕਾਰੀ ਇਸ ’ਚ ਮੰਗੀ ਗਈ ਹੈ, ਉਹ ਹੈ ਸ਼ੁੱਧ ਤਨਖਾਹ ਦੀ ਗਣਨਾ ਲਈ ਕਿਸੇ ਹੋਰ ਦੇਸ਼ ’ਚ ਰਿਟਾਇਰਮੈਠਂ ਲਾਭ ਖਾਤੇ ਤੋਂ ਹੋਣ ਵਾਲੀ ਆਮਦਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            