ਨੋਟਬੰਦੀ ਵਰਗਾ ਵੱਡਾ ਕਦਮ ਚੁੱਕ ਸਕਦੀ ਹੈ ਸਰਕਾਰ, ਘਰ ''ਚ ਰੱਖੇ ਸੋਨੇ ਦੀ ਦੇਣੀ ਹੋਵੇਗੀ ਜਾਣਕਾਰੀ

10/30/2019 5:56:30 PM

ਮੁੰਬਈ — ਕਾਲੇ ਧਨ ਨਾਲ ਸੋਨਾ ਖਰੀਦਣ ਵਾਲੇ ਸਾਵਧਾਨ ਹੋ ਜਾਓ। ਜਾਣਕਾਰੀ ਮਿਲੀ ਹੈ ਕਿ ਕਾਲੇ ਧਨ 'ਤੇ ਨਕੇਲ ਕੱਸਣ ਲਈ ਮੋਦੀ ਸਰਕਾਰ ਨੋਟਬੰਦੀ ਵਰਗਾ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਇਨਕਮ ਟੈਕਸ ਦੀ ਐਮਨੇਸਟੀ ਸਕੀਮ ਦੀ ਤਰਜ਼ 'ਤੇ ਸੋਨੇ ਲਈ ਖਾਸ ਐਮਨੈਸਟੀ ਸਕੀਮ ਲਿਆਂਦੀ ਜਾ ਸਕਦੀ ਹੈ। ਇਸ ਦੇ ਤਹਿਤ ਤੈਅ ਮਾਤਰਾ ਤੋਂ ਜ਼ਿਆਦਾ ਬਗੈਰ ਰਸੀਦ ਵਾਲੇ ਸੋਨੇ 'ਤੇ ਉਸਦੀ ਜਾਣਕਾਰੀ ਦੇਣੀ ਹੋਵੇਗੀ ਅਤੇ ਆਪਣੇ ਕੋਲ ਰੱਖੇ ਕੁੱਲ ਸੋਨੇ ਦੀ ਕੀਮਤ ਦੱਸਣੀ ਹੋਵੇਗੀ।

ਦੇਣਾ ਪੈ ਸਕਦਾ ਹੈ ਟੈਕਸ

ਸੂਤਰਾਂ ਮੁਤਾਬਕ ਇਸ ਐਮਨੇਸਟੀ ਸਕੀਮ ਦੇ ਤਹਿਤ ਸੋਨੇ ਦੀ ਕੀਮਤ ਤੈਅ ਕਰਨ ਲਈ ਵੈਲਿਊਏਸ਼ਨ ਸੈਂਟਰ ਤੋਂ ਸਰਟੀਫਿਕੇਟ ਲੈਣਾ ਹੋਵੇਗਾ। ਬਗੈਰ ਰਸੀਦ ਵਾਲੇ ਜਿੰਨੇ ਵੀ ਸੋਨੇ ਦਾ ਖੁਲਾਸਾ ਹੋਵੇਗਾ ਉਸ 'ਤੇ ਤੈਅ ਮਾਤਰਾ 'ਚ ਟੈਕਸ ਦੇਣਾ ਹੋਵੇਗਾ। ਇਹ ਸਕੀਮ ਇਕ ਖਾਸ ਸਮਾਂ ਮਿਆਦ ਲਈ ਖੋਲ੍ਹੀ ਜਾਵੇਗੀ। ਸਕੀਮ ਖਤਮ ਹੋਣ ਦੇ ਬਾਅਦ ਤੈਅ ਮਾਤਰਾ ਤੋਂ ਜ਼ਿਆਦਾ ਸੋਨੇ ਦੀ ਜਾਣਕਾਰੀ ਮਿਲਣ 'ਤੇ ਭਾਰੀ ਜੁਰਮਾਨਾ ਦੇਣਾ ਹੋਵੇਗਾ। ਮੰਦਿਰ ਅਤੇ ਟਰੱਸਟ ਕੋਲ ਰੱਖੇ ਸੋਨੇ ਨੂੰ ਵੀ ਪ੍ਰੋਡਕਟਿਵ ਐਸੇਟ ਦੇ ਤੌਰ 'ਤੇ ਇਸਤੇਮਾਲ ਕਰਨ ਦੇ ਖਾਸ ਐਲਾਨ ਹੋ ਸਕਦੇ ਹਨ।

ਗੋਲਡ ਨੂੰ ਐਸੇਟ ਕਲਾਸ ਦੇ ਤੌਰ 'ਤੇ ਵਾਧਾ ਦੇਣ ਲਈ ਵੀ ਹੋ ਸਕਦੇ ਹਨ ਐਲਾਨ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਐਮਨੈਸਟੀ ਸਕੀਮ ਦੇ ਨਾਲ-ਨਾਲ ਸੋਨੇ ਨੂੰ ਐਸੇਟ ਕਲਾਸ ਦੇ ਤੌਰ 'ਤੇ ਵਾਧਾ ਦੇਣ ਦਾ ਐਲਾਨ ਵੀ ਹੋ ਸਕਦਾ ਹੈ। ਇਸ ਲਈ ਸਾਵਰੇਨ ਗੋਲਡ ਬਾਂਡ ਸਰਟੀਫਿਕੇਟ ਨੂੰ ਮੋਰਗੇਜ ਕਰਨ ਦਾ ਵੀ ਵਿਕਲਪ ਵੀ ਦਿੱਤਾ ਜਾ ਸਕਦਾ ਹੈ ਅਤੇ ਗੋਲਡ ਬੋਰਡ ਬਣਾਉਣ ਦਾ ਐਲਾਨ ਹੋ ਸਕਦਾ ਹੈ। ਸਰਕਾਰ ਦਾ ਸੋਨੇ ਨੂੰ ਪ੍ਰੋਡਕਟਿਵ ਇਨਵੈਸਟਮੈਂਟ ਦੇ ਤੌਰ 'ਤੇ ਵਿਕਸਿਤ ਕਰਨ ਦਾ ਇਰਾਦਾ ਹੈ। ਇਸ ਲਈ ਆਈ.ਆਈ.ਐਮ. ਦੇ ਪ੍ਰੋਫੈਸਰ ਦੀ ਸਿਫਾਰਸ਼ ਦੇ ਆਧਾਰ 'ਤੇ ਡਰਾਫਟ ਤਿਆਰ ਕੀਤਾ ਗਿਆ ਹੈ।

ਵਿੱਤ ਮੰਤਰਾਲੇ ਨੇ ਆਪਣਾ ਮਸੌਦਾ ਕੈਬਨਿਟ ਕੋਲ ਭੇਜਿਆ

ਸੂਤਰਾਂ ਮੁਤਾਬਕ ਵਿੱਤ ਮੰਤਰਾਲੇ ਦੇ ਇਕਨਾਮਿਕ ਅਫੇਅਰਸ ਵਿਭਾਗ ਅਤੇ ਮਾਲੀਆ ਵਿਭਾਗ ਨੇ ਮਿਲ ਕੇ ਇਸ ਸਕੀਮ ਦਾ ਡਰਾਫਟ ਤਿਆਰ ਕੀਤਾ ਹੈ। ਵਿੱਤ ਮੰਤਰਾਲੇ ਨੇ ਆਪਣਾ ਪ੍ਰਸਤਾਵ ਕੈਬਨਿਟ ਕੋਲ ਭੇਜਿਆ ਹੈ। ਜਲਦੀ ਹੀ ਕੈਬਨਿਟ ਤੋਂ ਇਸ ਦੀ ਮਨਜ਼ੂਰੀ ਮਿਲ ਸਕਦੀ ਹੈ। ਅਕਤੂਬਰ ਦੇ ਦੂਜੇ ਹਫਤੇ ਹੀ ਕੈਬਨਿਟ 'ਚ ਇਸ 'ਤੇ ਚਰਚਾ ਹੋਣੀ ਸੀ। ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣਾਂ ਕਾਰਨ ਆਖਰੀ ਸਮੇਂ 'ਚ ਇਸ ਬੈਠਕ ਨੂੰ ਟਾਲਿਆ ਗਿਆ।


Related News