ਅਕਸ਼ੇ ਤ੍ਰਿਤੀਆ ’ਤੇ ਵਿਕੇਗਾ 12,000 ਕਰੋੜ ਦਾ ਸੋਨਾ, ਟੁੱਟ ਸਕਦੈ ਪਿਛਲੇ ਸਾਲ ਦਾ ਰਿਕਾਰਡ

Wednesday, Apr 30, 2025 - 05:18 AM (IST)

ਅਕਸ਼ੇ ਤ੍ਰਿਤੀਆ ’ਤੇ ਵਿਕੇਗਾ 12,000 ਕਰੋੜ ਦਾ ਸੋਨਾ, ਟੁੱਟ ਸਕਦੈ ਪਿਛਲੇ ਸਾਲ ਦਾ ਰਿਕਾਰਡ

ਨਵੀਂ ਦਿੱਲੀ - ਭਾਰਤ ’ਚ ਕੱਲ ਅਕਸ਼ੇ ਤ੍ਰਿਤੀਆ ਹੈ, ਜਿਸ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਕਸ਼ੇ ਤ੍ਰਿਤੀਆ ਸਫਲਤਾ ਅਤੇ ਸੁਭਾਗ ਲੈ ਕੇ ਆਉਂਦੀ ਹੈ, ਇਸ ਲਈ ਲੋਕ ਇਸ ਦਿਨ ਪੈਸੇ ਅਤੇ ਖੁਸ਼ਹਾਲੀ ਦਾ ਸਵਾਗਤ ਕਰਨ ਲਈ ਸੋਨਾ ਖਰੀਦਣ ਨੂੰ ਸ਼ੁੱਭ ਮੰਨਦੇ ਹਨ।

ਇਹ ਵੀ ਮਾਨਤਾ ਹੈ ਕਿ ਅਕਸ਼ੇ ਤ੍ਰਿਤੀਆ ਵਾਲੇ ਦਿਨ ਖਰੀਦਿਆ ਗਿਆ ਸੋਨਾ ਕਦੇ ਘਟਦਾ ਨਹੀਂ, ਸਗੋਂ ਹਮੇਸ਼ਾ ਵਧਦਾ ਹੈ। ਇਸ ਸਾਲ ਅਕਸ਼ੇ ਤ੍ਰਿਤੀਆ ਦੇ ਮੌਕੇ ’ਤੇ ਪੂਰੇ ਦੇਸ਼ ’ਚ ਗਹਿਣਾ ਬਾਜ਼ਾਰ ’ਚ ਵਿਕਰੀ ਨੂੰ ਲੈ ਕੇ ਮਿਲਿਆ-ਜੁਲਿਆ ਰੁਝਾਣ ਵੇਖਿਆ ਜਾ ਰਿਹਾ ਹੈ, ਕਿਉਂਕਿ ਸੋਨੇ ਦੀਆਂ ਕੀਮਤਾਂ ’ਚ ਹਾਲ ਹੀ ’ਚ ਜ਼ਬਰਦਸਤ ਵਾਧਾ ਹੋਇਆ ਹੈ।

ਆਲ ਇੰਡੀਆ ਜਿਊਲਰਜ਼ ਐਂਡ ਗੋਲਡਸਮਿਥ ਫੈੱਡਰੇਸ਼ਨ ਦੇ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਇਸ ਸਾਲ ਅਕਸ਼ੇ ਤ੍ਰਿਤੀਆ ਵਾਲੇ ਦਿਨ ਲੱਗਭਗ 12 ਟਨ ਸੋਨਾ, ਜਿਸ ਦੀ ਕੀਮਤ ਲੱਗਭਗ 12,000 ਕਰੋੜ ਰੁਪਏ ਅਤੇ 400 ਟਨ ਚਾਂਦੀ, ਜਿਸ ਦੀ ਕੀਮਤ 4000 ਕਰੋੜ, ਕੁੱਲ 16,000 ਕਰੋੜ ਰੁਪਏ ਦਾ ਵਪਾਰ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ ਸੋਨੇ-ਚਾਂਦੀ ਦੀਆਂ ਵਧੀਆਂ ਹੋਈਆਂ ਕੀਮਤਾਂ ਕਾਰਨ ਗਾਹਕਾਂ ਦੀ ਖਰੀਦਦਾਰੀ ’ਚ ਕੁਝ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਆਮ ਤੌਰ ’ਤੇ ਅਕਸ਼ੇ ਤ੍ਰਿਤੀਆ ’ਤੇ ਭਾਰੀ ਖਰੀਦਦਾਰੀ ਹੁੰਦੀ ਸੀ ਪਰ ਇਸ ਵਾਰ ਉੱਚੀਆਂ ਕੀਮਤਾਂ ਨੇ ਮੰਗ ਨੂੰ ਪ੍ਰਭਾਵਿਤ ਕੀਤਾ ਹੈ।

ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਵਾਧਾ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਕਿਹਾ ਕਿ ਇਸ ਸਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਵੇਲੇ 10 ਗ੍ਰਾਮ ਸੋਨੇ ਦਾ ਭਾਅ 1,00,000 ਰੁਪਏ ਦੇ ਨੇੜੇ ਪਹੁੰਚ ਗਿਆ ਹੈ, ਜਦੋਂ ਕਿ ਪਿਛਲੇ ਸਾਲ ਅਕਸ਼ੇ ਤ੍ਰਿਤੀਆ ’ਤੇ ਇਹੀ ਦਰ 73,500 ਰੁਪਏ ਸੀ।

ਇਸੇ ਤਰ੍ਹਾਂ, ਚਾਂਦੀ ਦਾ ਭਾਅ ਵੀ 1,00,000 ਰੁਪਏ ਪ੍ਰਤੀ ਕਿੱਲੋਗ੍ਰਾਮ ਤੋਂ ਟੱਪ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਹ 86,000 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ। ਸਾਲ 2023 ’ਚ ਅਕਸ਼ੇ ਤ੍ਰਿਤੀਆ ਵਾਲੇ ਦਿਨ ਲੱਗਭਗ ਪੂਰੇ ਦੇਸ਼ ’ਚ 14.5 ਹਜਾਰ ਕਰੋਡ਼ ਦਾ ਵਪਾਰ ਹੋਇਆ ਸੀ, ਉੱਥੇ ਹੀ, 2024 ’ਚ ਲੋਕ ਸਭਾ ਚੋਣਾਂ ਕਾਰਨ ਵਪਾਰ ’ਚ ਕਾਫ਼ੀ ਕਮੀ ਆਈ ਸੀ।

ਮੁੱਲ ਵਧਣ ਦੇ ਪਿੱਛੇ ਦਾ ਕਾਰਨ
ਕੌਮਾਂਤਰੀ ਬਾਜ਼ਾਰ ’ਚ ਆਰਥਿਕ ਬੇ-ਭਰੋਸਗੀ, ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ, ਡਾਲਰ ਦੇ ਮੁਕਾਬਲੇ ਰੁਪਏ ’ਚ ਕਮਜ਼ੋਰੀ ਅਤੇ ਗਲੋਬਲ ਨਿਵੇਸ਼ਕਾਂ ਵੱਲੋਂ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮਾਧਿਅਮ ਦੇ ਤੌਰ ’ਤੇ ਅਪਣਾਏ ਜਾਣ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਵੇਖੀ ਗਈ ਹੈ।

ਵਿਆਹਾਂ ਦੇ ਸੀਜ਼ਨ ਨਾਲ ਮੰਗ ਬਣੀ ਹੋਈ
ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਨੇ ਕਿਹਾ ਕਿ ਦੇਸ਼ ’ਚ ਚੱਲ ਰਹੇ ਵਿਆਹਾਂ ਦੇ ਸੀਜ਼ਨ ਕਾਰਨ ਗਹਿਣੇ ਦੀ ਮੰਗ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਵਿਆਹਾਂ ’ਚ ਸੋਨੇ-ਚਾਂਦੀ ਦੀ ਖਰੀਦਦਾਰੀ ਇਕ ਪ੍ਰੰਪਰਾ ਹੈ, ਇਸ ਲਈ ਭਾਵੇਂ ਕੀਮਤਾਂ ਉੱਚੀਆਂ ਹਨ, ਫਿਰ ਵੀ ਗਾਹਕ ਜ਼ਰੂਰੀ ਖਰੀਦ ਕਰ ਰਹੇ ਹਨ। ਜਿਊਲਰਜ਼ ਨੇ ਵੀ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਆਫਰਜ਼ ਸ਼ੁਰੂ ਕੀਤੇ ਹਨ।


author

Inder Prajapati

Content Editor

Related News