ਸੋਨਾ 2021 ’ਚ ਬਣੇਗਾ 60 ਹਜ਼ਾਰੀ! ਕੋਰੋਨਾ ਕਾਲ ’ਚ ਦਿੱਤਾ 27.7 ਫੀਸਦੀ ਰਿਟਰਨ

Sunday, Dec 27, 2020 - 05:03 PM (IST)

ਸੋਨਾ 2021 ’ਚ ਬਣੇਗਾ 60 ਹਜ਼ਾਰੀ! ਕੋਰੋਨਾ ਕਾਲ ’ਚ ਦਿੱਤਾ 27.7 ਫੀਸਦੀ ਰਿਟਰਨ

ਨਵੀਂ ਦਿੱਲੀ(ਇੰਟ.) – ਕੋਰੋਨਾ ਦੀ ਮਾਰ ਤੋਂ ਬੇਹਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਤੋਂ ਡਰੇ ਨਿਵੇਸ਼ਕਾਂ ਨੇ ਸੋਨੇ-ਚਾਂਦੀ ਵੱਲ ਰੁਖ ਕੀਤਾ ਤਾਂ ਦੋਹਾਂ ਧਾਤੂਆਂ ਦੀ ਚਮਕ ਖੂਬ ਵਧੀ। ਪਿਛਲੇ 10 ਸਾਲਾਂ ’ਚ ਇਸ ਵਾਰ ਗੋਲਡ ਨੇ 27.7 ਫੀਸਦੀ ਰਿਟਰਨ ਦਿੱਤਾ। ਇਸ ਤੋਂ ਪਹਿਲਾਂ ਸਾਲ 2011 ’ਚ ਸੋਨੇ ਨੇ ਨਿਵੇਸ਼ਕਾਂ ਨੂੰ ਮਾਲਾਮਾਲ ਕਰਦੇ ਹੋਏ ਕਰੀਬ 31 ਫੀਸਦੀ ਦਾ ਰਿਟਰਨ ਦਿੱਤਾ ਸੀ। ਉਥੇ ਹੀ ਕੌਮਾਂਤਰੀ ਬਾਜ਼ਾਰ ’ਚ ਸੋਨੇ ਦਾ ਭਾਅ 23 ਫੀਸਦੀ ਤੋਂ ਜ਼ਿਆਦਾ ਉਛਲਿਆ।

ਇਸ ਦੌਰਾਨ ਚਾਂਦੀ ਦੇ ਨਿਵੇਸ਼ਕਾਂ ਨੇ ਖੂਬ ਚਾਂਦੀ ਖੱਟੀ। ਸਰਾਫਾ ਬਾਜ਼ਾਰ ’ਚ ਚਾਂਦੀ 76,000 ਰੁਪਏ ਪ੍ਰਤੀ ਕਿਲੋ ਤੋਂ ਵੀ ਵੱਧ ਵਿਕੀ। ਇਨ੍ਹਾਂ ਸਭ ਦੇ ਬਾਵਜੂਦ ਸੋਨਾ ਆਪਣੇ ਆਲ ਟਾਈਮ ਹਾਈ ਰੇਟ 56,254 ਰੁਪਏ ਪ੍ਰਤੀ 10 ਗ੍ਰਾਮ ਤੋਂ ਹੁਣ ਤੱਕ 6259 ਰੁਪਏ ਸਸਤਾ ਹੋ ਚੁੱਕਾ ਹੈ। ਉਥੇ ਹੀ ਜੇ ਚਾਂਦੀ ਦੀ ਗੱਲ ਕਰੀਏ ਤਾਂ ਇਸ ਸਾਲ ਹੁਣ ਤੱਕ ਇਹ 9577 ਰੁਪਏ ਪ੍ਰਤੀ ਕਿਲੋ ਤੱਕ ਸਸਤੀ ਹੋ ਚੁੱਕੀ ਹੈ।

ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦੀ ਮੰਨੀਏ ਤਾਂ ਇਨਵੈਸਟ ਦੇ ਲਿਹਾਜ਼ ਨਾਲ ਨਿਵੇਸ਼ਕਾਂ ਕੋਲ ਦੂਜਾ ਕੋਈ ਬਦਲ ਨਹੀਂ ਬਚਿਆ ਹੈ। ਇਸ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲੇਗਾ। ਕੇਡੀਆ ਕਹਿੰਦੇ ਹਨ ਕਿ 2021 ’ਚ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 85,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ।

ਇਹ ਵੀ ਵੇਖੋ - 4 ਕਰੋੜ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਆਵੇਗਾ ਵਜ਼ੀਫ਼ਾ, ਜਾਣੋ ਸਰਕਾਰ ਦੀ ਇਸ ਯੋਜਨਾ ਬਾਰੇ

ਅਗਸਤ ’ਚ ਤੋੜ ਦਿੱਤੇ ਸਾਰੇ ਰਿਕਾਰਡ

ਦੇਸ਼ ਭਰ ਦੇ ਸਰਾਫਾ ਬਾਜ਼ਾਰਾਂ ’ਚ ਸੱਤ ਅਗਸਤ 2020 ਨੂੰ ਗੋਲਡ ਦਾ ਹਾਜ਼ਰ ਰੇਟ 56254 ’ਤੇ ਖੁੱਲ੍ਹਿਆ। ਇਹ ਆਲ ਟਾਈਮ ਹਾਈ ਸੀ। ਇਸ ਤੋਂ ਬਾਅਦ ਸ਼ਾਮ ਨੂੰ ਇਹ ਥੋੜੀ ਗਿਰਾਵਟ ਤੋਂ ਬਾਅਦ 56126 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਬੰਦ ਹੋਇਆ। ਜਿਥੋਂ ਤੱਕ ਚਾਂਦੀ ਦੀ ਗੱਲ ਕਰੀਏ ਤਾਂ ਇਸ ਦਿਨ ਇਹ 76008 ਰੁਪਏ ਪ੍ਰਤੀ ਕਿਲੋ ਦੇ ਰੇਟ ਨਾਲ ਖੁੱਲ੍ਹੀ ਸੀ ਅਤੇ 75013 ਰੁਪਏ ’ਤੇ ਬੰਦ ਹੋਈ ਸੀ। ਦੱਸ ਦਈਏ ਚਾਂਦੀ ਦਾ ਰੇਟ ਐੱਮ. ਸੀ. ਐੱਕਸ ’ਤੇ 25 ਅਪ੍ਰੈਲ 2011 ਨੂੰ ਰਿਕਾਰਡ 73,600 ਰੁਪਏ ਪ੍ਰਤੀ ਕਿਲੋ ਤੱਕ ਉਛਲਿਆ ਸੀ ਜਦੋਂ ਕਿ ਹਾਜ਼ਰ ਬਾਜ਼ਾਰ ’ਚ ਚਾਂਦੀ ਦਾ ਰੇਟ 2011 ’ਚ 77,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਸੀ। ਸੋਨੇ ਦਾ ਰੇਟ 16 ਮਾਰਚ 2020 ਨੂੰ 38,400 ਰੁਪਏ ਪ੍ਰਤੀ 10 ਗ੍ਰਾਮ ਸੀ।

ਇਹ ਵੀ ਵੇਖੋ - ਰੇਲਵੇ ਮਹਿਕਮੇ ਦੀ ਨਵੀਂ ਸਹੂਲਤ, ਘੁੰਮਣ ਲਈ ਸਟੇਸ਼ਨ 'ਤੋਂ ਹੀ ਮਿਲੇਗਾ ਤੁਹਾਡੀ ਮਨਪਸੰਦ ਦਾ ਮੋਟਰਸਾਈਕਲ

ਨਵੇਂ ਸਾਲ 2021 ’ਚ ਵੀ ਬਣੀ ਰਹੇਗੀ ਸੋਨੇ-ਚਾਂਦੀ ਦੀ ਚਮਕ

ਅਜੇ ਕੇਡੀਆ ਦਾ ਕਹਿਣਾ ਹੈ ਕਿ ਆਉਣ ਵਾਲੇ ਨਵੇਂ ਸਾਲ 2021 ’ਚ ਵੀ ਸੋਨੇ-ਚਾਂਦੀ ਦੀ ਚਮਕ ਬਰਕਰਾਰ ਰਹੇਗੀ ਮਤਲਬ ਕਿ 2020 ਵਾਂਗ ਸਾਲ 2021 ’ਚ ਵੀ ਸੋਨੇ ਅਤੇ ਚਾਂਦੀ ਦੇ ਰੇਟ ’ਚ ਤੇਜ਼ੀ ਦੇਖਣ ਨੂੰ ਮਿਲੇਗੀ ਕਿਉਂਕਿ ਅਰਥਵਿਵਸਥਾ ’ਚ ਗਿਰਾਵਟ ਇਨ੍ਹਾਂ ਨੂੰ ਸਪੋਰਟ ਕਰ ਰਹੀ ਹੈ। ਕੇਡੀਆ ਬੜੇ ਵਿਸ਼ਵਾਸ ਨਾਲ ਕਹਿੰਦੇ ਹਨ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ 2021 ’ਚ ਕੋਵਿਡ-19 ਦਾ ਵੈਕਸੀਨ ਸੋਨੇ-ਚਾਂਦੀ ਦੇ ਰੇਟ ’ਚ ਉਤਰਾਅ-ਚੜ੍ਹਾਅ ’ਚ ਇਕ ਅਹਿਮ ਭੂਮਿਕਾ ਨਿਭਾਏਗਾ। ਇਸ ਦਾ ਬਾਵਜੂਦ ਘੱਟ ਵਿਆਜ਼ ਦਰ, ਇਕਵਿਟੀ ਮਾਰਕੀਟ ਦੀ ਤੇਜ਼ੀ ਅਤੇ ਈ. ਟੀ. ਐੱਫ. ’ਚ ਖਰੀਦਦਾਰੀ ਸੋਨੇ-ਚਾਂਦੀ ਦੀ ਚਮਕ ਵਧਾਉਣਗੇ। ਸਤੰਬਰ 2018 ਤੋਂ ਸੋਨੇ ਦੀ ਚਮਕ ਬਰਕਰਾਰ ਹੈ ਅਤੇ ਇਹੀ ਚਮਕ 2021 ’ਚ ਵੀ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਵੇਖੋ - ਬੈਂਕ ਲਾਇਸੈਂਸ ਰੱਦ ਹੋਣ ’ਤੇ ਖ਼ਾਤਾਧਾਰਕ ਨੂੰ ਮਿਲਦੇ ਹਨ 5 ਲੱਖ ਰੁਪਏ, ਜਾਣੋ ਇਸ ਨਿਯਮ ਬਾਰੇ

ਜਾਰੀ ਰਹਿ ਸਕਦੈ ਉਤਰਾਅ-ਚੜ੍ਹਾਅ

ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸਿਜ਼ ਦੇ ਵਸਤੂ ਸਬੰਧੀ ਖੋਜ ਦੇ ਉਪ ਪ੍ਰਧਾਨ ਨਵਨੀਤ ਦਮਾਨੀ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਨ੍ਹਾਂ ’ਚ ਉਤਰਾਅ-ਚੜ੍ਹਾਅ ਜਾਰੀ ਰਹਿ ਸਕਦਾ ਹੈ। ਉਥੇ ਹੀ ਕੇਡੀਆ ਕਹਿੰਦੇ ਹਨ ਕਿ 2007 ’ਚ ਸੋਨਾ 9000 ਰੁਪਏ ਪ੍ਰਤੀ 10 ਗ੍ਰਾਮ ਦੇ ਲਗਭਗ ਸੀ ਜੋ 2016 ’ਚ 31,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਸੀ। ਯਾਨੀ 9 ਸਾਲ ’ਚ 3 ਗੁਣਾ ਤੋਂ ਜ਼ਿਆਦਾ ਵਾਧਾ। ਜਦੋਂ-ਜਦੋਂ ਵਿਆਜ਼ ਦਰਾਂ ਘਟਦੀਆਂ ਹਨ, ਉਦੋਂ ਸੋਨੇ ’ਚ ਨਿਵੇਸ਼ ਵਧਦਾ ਹੈ। ਡਾਲਰ ’ਚ ਤੇਜ਼ੀ ਆਵੇਗੀ ਤਾਂ ਲਾਂਗ ਟਰਮ ’ਚ ਸੋਨੇ ਦੇ ਰੇਟ ਹੋਰ ਤੇਜ਼ੀ ਨਾਲ ਵਧਣਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News