Gold-Silver ਖਰੀਦਣ ਵਾਲਿਆਂ ਨੂੰ ਮਿਲੀ ਰਾਹਤ, ਸ਼ੁੱਕਰਵਾਰ ਨੂੰ ਕੀਮਤਾਂ ''ਚ ਦਰਜ ਕੀਤੀ ਗਈ ਗਿਰਾਵਟ
Friday, Dec 13, 2024 - 10:57 AM (IST)
ਨਵੀਂ ਦਿੱਲੀ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ (13 ਦਸੰਬਰ) ਨੂੰ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਦੋਵਾਂ ਦੀਆਂ ਫਿਊਚਰ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ ਫਿਊਚਰਜ਼ ਦੀ ਕੀਮਤ ਮਾਮੂਲੀ ਗਿਰਾਵਟ ਨਾਲ 77,942 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਜਦਕਿ ਚਾਂਦੀ ਦੀ ਕੀਮਤ 0.63 ਫੀਸਦੀ ਡਿੱਗ ਕੇ 92,050 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਬੀਤੇ ਦਿਨ ਸੋਨਾ 500 ਰੁਪਏ ਵਧਿਆ, ਚਾਂਦੀ 700 ਰੁਪਏ ਮਜ਼ਬੂਤ ਹੋਈ
ਪ੍ਰਚੂਨ ਵਿਕਰੇਤਾਵਾਂ ਅਤੇ ਗਹਿਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਨਾ 500 ਰੁਪਏ ਵਧ ਕੇ 80,900 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 80,400 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਪਿਛਲੇ ਤਿੰਨ ਸੈਸ਼ਨਾਂ 'ਚ ਪੀਲੀ ਧਾਤੂ ਦੀ ਕੀਮਤ 'ਚ ਕਰੀਬ 2,000 ਰੁਪਏ ਦਾ ਵਾਧਾ ਹੋਇਆ ਹੈ।
ਵੀਰਵਾਰ ਨੂੰ ਚਾਂਦੀ ਵੀ 700 ਰੁਪਏ ਵਧ ਕੇ 97,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ 'ਚ ਚਾਂਦੀ 96,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 500 ਰੁਪਏ ਵਧ ਕੇ 80,500 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਬੁੱਧਵਾਰ ਨੂੰ ਇਹ 80,000 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਕਾਰੋਬਾਰੀਆਂ ਮੁਤਾਬਕ ਗਹਿਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਅਤੇ ਕੌਮਾਂਤਰੀ ਬਾਜ਼ਾਰਾਂ 'ਚ ਮਜ਼ਬੂਤੀ ਦੇ ਰੁਖ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ।