ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ 'ਚ ਵੱਡਾ ਉਛਾਲ, 1200 ਰੁਪਏ ਤੱਕ ਚੜ੍ਹੇ ਮੁੱਲ
Thursday, Jan 21, 2021 - 05:30 PM (IST)
ਨਵੀਂ ਦਿੱਲੀ- ਸੋਨੇ-ਚਾਂਦੀ ਵਿਚ ਤੇਜ਼ੀ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 575 ਰੁਪਏ ਅਤੇ ਚਾਂਦੀ 1,227 ਰੁਪਏ ਚੜ੍ਹ ਗਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।
ਰਾਜਧਾਨੀ ਵਿਚ ਸੋਨੇ ਦੀ ਕੀਮਤ 575 ਰੁਪਏ ਦੀ ਛਲਾਂਗ ਲਾ ਕੇ 49,125 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਇਹ 48,550 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ।
ਉੱਥੇ ਹੀ, ਚਾਂਦੀ ਦੀ ਕੀਮਤ 1,227 ਰੁਪਏ ਦੀ ਵੱਡੀ ਤੇਜ਼ੀ ਨਾਲ 66,699 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜਦੋਂ ਕਿ ਪਿਛਲਾ ਬੰਦ ਪੱਧਰ 65,472 ਰੁਪਏ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿਣਸ) ਤਪਨ ਪਟੇਲ ਨੇ ਕਿਹਾ ਕਿ ਦਿੱਲੀ ਵਿਚ ਲਗਾਤਾਰ ਚੌਥੇ ਦਿਨ 24 ਕੈਰੇਟ ਸੋਨੇ ਦੀ ਕੀਮਤ ਵਿਚ ਦੇਖਣ ਨੂੰ ਮਿਲੀ ਅਤੇ ਅੱਜ ਇਹ 575 ਰੁਪਏ ਚੜ੍ਹ ਗਈ।
ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਇਸ ਦੌਰਾਨ ਤੇਜ਼ੀ ਨਾਲ 1,870 ਡਾਲਰ ਪ੍ਰਤੀ ਔਂਸ, ਜਦੋਂ ਕਿ ਚਾਂਦੀ ਵੀ ਬੜ੍ਹਤ ਨਾਲ 25.83 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਪਟੇਲ ਨੇ ਕਿਹਾ ਕਿ ਪ੍ਰਮੁੱਖ ਕੇਂਦਰੀ ਬੈਂਕਾਂ ਵੱਲੋਂ ਨਰਮ ਮੁਦਰਾ ਨੀਤੀ ਅਤੇ ਡਾਲਰ ਵਿਚ ਗਿਰਾਵਟ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਗੌਰਤਲਬ ਹੈ ਕਿ ਵਾਇਦਾ ਬਾਜ਼ਾਰ ਵਿਚ ਵੀ ਸੋਨੇ-ਚਾਂਦੀ ਵਿਚ ਤੇਜ਼ੀ ਰਹੀ।